29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੰਜਾਬ ਦੀ ਸਿਆਸਤ ’ ਚ ਦਲ - ਬਦਲੀ ਦਾ ਵਧਦਾ ਰੁਝਾਨ ਵੋਟਰਾਂ ਦੇ ਭਰੋਸੇ ਅਤੇ ਵਰਕਰਾਂ ਦੀ ਵਫ਼ਾਦਾਰੀ ’ਤੇ ਉੱਠਣ ਲੱਗੇ ਸਵਾਲ ਦਵਿੰਦਰ ਪਾਲ ਸਿੰਘ

ਫ਼ਾਜ਼ਿਲਕਾ, 29 ਨਵੰਬਰ -ਪੰਜਾਬ ਦੀ ਸਿਆਸਤ ਵਿਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੌਲੀ-ਹੌਲੀ ਗਰਮਾਉਣ ਲੱਗਾ ਹੈ। ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿਚ ਸਰਗਰਮੀਆਂ ਤੇਜ਼ ਹੋ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 30-11-2026
ਫ਼ਾਜ਼ਿਲਕਾ, 29 ਨਵੰਬਰ -ਪੰਜਾਬ ਦੀ ਸਿਆਸਤ ਵਿਚ ਵਿਧਾਨ ਸਭਾ ਚੋਣਾਂ ਦਾ ਮਾਹੌਲ ਹੌਲੀ-ਹੌਲੀ ਗਰਮਾਉਣ ਲੱਗਾ ਹੈ। ਸੂਬੇ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿਚ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਸਿਆਸੀ ਮੀਟਿੰਗਾਂ, ਰੈਲੀਆਂ, ਦੌਰੇ ਅਤੇ ਜਨਤਕ ਇਕੱਠਾਂ ਦੇ ਨਾਲ-ਨਾਲ ਇਕ ਹੋਰ ਰੁਝਾਨ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਉਹ ਹੈ ਸਿਆਸੀ ਆਗੂਆਂ ਵਲੋਂ ਪਾਰਟੀਆਂ ਬਦਲਣ ਦਾ ਰੁਝਾਨ। ਪਿਛਲੇ ਕੁੱਝ ਸਮੇਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਆਗੂਆਂ ਵਲੋਂ ਆਪਣੇ ਪੁਰਾਣੇ ਸਿਆਸੀ ਸਾਥ ਛੱਡ ਕੇ ਨਵੇਂ ਸਿਆਸੀ ਘਰਾਂ ਵਿਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਰੁਝਾਨ ਨੇ ਆਮ ਵੋਟਰਾਂ ਤੋਂ ਲੈ ਕੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਪਾਰਟੀ ਵਰਕਰਾਂ ਤੱਕ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿਆਸੀ ਮਾਹੌਲ ਵਿਚ ਸਭ ਤੋਂ ਵੱਧ ਚਰਚਾ ਉਸ ਸਮੇਂ ਹੁੰਦੀ ਹੈ, ਜਦੋਂ ਕੋਈ ਆਗੂ ਇਕ ਦਿਨ ਪਹਿਲਾਂ ਤੱਕ ਕਿਸੇ ਪਾਰਟੀ ਦੀਆਂ ਨੀਤੀਆਂ, ਲੀਡਰਸ਼ਿਪ ਅਤੇ ਕਾਰਜਪ੍ਰਣਾਲੀ ਦੀ ਸਖ਼ਤ ਆਲੋਚਨਾ ਕਰਦਾ ਦਿਖਾਈ ਦਿੰਦਾ ਹੈ, ਪਰ ਅਗਲੇ ਹੀ ਦਿਨ ਉਹੀ ਆਗੂ ਉਸ ਪਾਰਟੀ ਵਿਚ ਸ਼ਾਮਿਲ ਹੋ ਕੇ ਨਵੇਂ ਸਿਆਸੀ ਸਫ਼ਰ ਦੀ ਸ਼ੁਰੂਆਤ ਦਾ ਐਲਾਨ ਕਰਦਾ ਨਜ਼ਰ ਆਉਂਦਾ ਹੈ। ਲੋਕਾਂ ਦੇ ਮਨਾਂ ਵਿਚ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕੱਲ੍ਹ ਤੱਕ ਕੋਈ ਪਾਰਟੀ ਇੰਨੀ ਮਾੜੀ ਸੀ ਕਿ ਉਸ ਦੇ ਆਗੂਆਂ ਅਤੇ ਨੀਤੀਆਂ ਖ਼ਿਲਾਫ਼ ਤਿੱਖੇ ਬਿਆਨ ਦਿੱਤੇ ਜਾ ਰਹੇ ਸਨ ਤਾਂ ਅੱਜ ਉਸੇ ਪਾਰਟੀ ਵਿਚ ਸ਼ਾਮਿਲ ਹੋਣ ਪਿੱਛੇ ਕਿਹੜੇ ਸਿਧਾਂਤ ਜਾਂ ਵਿਚਾਰਧਾਰਕ ਬਦਲਾਅ ਕੰਮ ਕਰ ਰਹੇ ਹਨ? ਹਰ ਵਿਅਕਤੀ ਨੂੰ ਆਪਣੀ ਸਿਆਸੀ ਸੋਚ ਅਨੁਸਾਰ ਕਿਸੇ ਵੀ ਪਾਰਟੀ ਨਾਲ ਜੁੜਨ ਦਾ ਅਧਿਕਾਰ ਹੈ। ਕਈ ਵਾਰ ਪਾਰਟੀ ਦੀ ਲੀਡਰਸ਼ਿਪ ਨਾਲ ਮਤਭੇਦ, ਨੀਤੀਆਂ ਵਿਚ ਤਬਦੀਲੀ ਜਾਂ ਵਿਚਾਰਧਾਰਕ ਅਸਹਿਮਤੀ ਕਾਰਨ ਵੀ ਆਗੂ ਪਾਰਟੀ ਛੱਡਣ ਦਾ ਫ਼ੈਸਲਾ ਕਰਦੇ ਹਨ। ਪਰ ਜਦੋਂ ਪਾਰਟੀ ਬਦਲਣ ਦੇ ਨਾਲ ਹੀ ਬਿਆਨਾਂ ਅਤੇ ਵਿਚਾਰਾਂ ਵਿਚ ਵੀ ਅਚਾਨਕ ਵੱਡਾ ਬਦਲਾਅ ਦਿਖਾਈ ਦੇਣ ਲੱਗਦਾ ਹੈ ਤਾਂ ਲੋਕਾਂ ਵਲੋਂ ਇਸ ਦੇ ਕਾਰਨਾਂ ਬਾਰੇ ਸਵਾਲ ਪੁੱਛਣਾ ਸੁਭਾਵਿਕ ਹੈ। ਖ਼ਾਸ ਕਰਕੇ ਉਸ ਸਮੇਂ ਜਦੋਂ ਕੋਈ ਆਗੂ ਆਪਣੀ ਪੁਰਾਣੀ ਪਾਰਟੀ ਦੀਆਂ ਨੀਤੀਆਂ ਨੂੰ ਗ਼ਲਤ ਦੱਸਣ ਤੋਂ ਬਾਅਦ ਨਵੀਂ ਪਾਰਟੀ ਦੀ ਹਰ ਨੀਤੀ ਨੂੰ ਸਹੀ ਠਹਿਰਾਉਣ ਲੱਗਦਾ ਹੈ। ਇਸ ਸਾਰੇ ਘਟਨਾਕ੍ਰਮ ਦਾ ਸਭ ਤੋਂ ਵੱਡਾ ਪ੍ਰਭਾਵ ਆਮ ਵੋਟਰਾਂ ’ਤੇ ਪੈਂਦਾ ਹੈ। ਲੋਕਤੰਤਰ ਵਿਚ ਵੋਟਰ ਕਿਸੇ ਉਮੀਦਵਾਰ ਨੂੰ ਸਿਰਫ਼ ਉਸ ਦੇ ਨਿੱਜੀ ਚਿਹਰੇ ਕਰਕੇ ਹੀ ਵੋਟ ਨਹੀਂ ਪਾਉਂਦੇ, ਸਗੋਂ ਉਸ ਦੀ ਪਾਰਟੀ, ਵਿਚਾਰਧਾਰਾ, ਚੋਣ ਮਨੋਰਥ ਪੱਤਰ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਵੀ ਧਿਆਨ ਵਿਚ ਰੱਖਦੇ ਹਨ। ਜਦੋਂ ਕੋਈ ਆਗੂ ਕਿਸੇ ਖ਼ਾਸ ਪਾਰਟੀ ਦੀ ਟਿਕਟ ’ਤੇ ਚੋਣ ਲੜਦਾ ਹੈ ਅਤੇ ਲੋਕ ਉਸ ਨੂੰ ਉਸ ਪਾਰਟੀ ਦੀਆਂ ਨੀਤੀਆਂ ਦੇ ਆਧਾਰ ’ਤੇ ਸਮਰਥਨ ਦਿੰਦੇ ਹਨ ਤਾਂ ਵੋਟਰਾਂ ਦੀ ਉਸ ਨਾਲ ਇਕ ਸਿਆਸੀ ਉਮੀਦ ਜੁੜ ਜਾਂਦੀ ਹੈ। ਪਰ ਜੇਕਰ ਚੋਣਾਂ ਤੋਂ ਕੁੱਝ ਸਮਾਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਉਹੀ ਆਗੂ ਆਪਣੀ ਪਾਰਟੀ ਬਦਲ ਲੈਂਦਾ ਹੈ ਤਾਂ ਵੋਟਰਾਂ ਦੇ ਮਨਾਂ ਵਿਚ ਨਿਰਾਸ਼ਾ ਪੈਦਾ ਹੋਣੀ ਸੁਭਾਵਿਕ ਹੈ। ਉਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਉਨ੍ਹਾਂ ਵਲੋਂ ਪਾਈ ਗਈ ਵੋਟ ਦਾ ਅਸਲ ਮਕਸਦ ਕੀ ਸੀ? ਕੀ ਉਨ੍ਹਾਂ ਨੇ ਕਿਸੇ ਨੀਤੀ ਅਤੇ ਵਿਚਾਰਧਾਰਾ ਨੂੰ ਸਮਰਥਨ ਦਿੱਤਾ ਸੀ ਜਾਂ ਸਿਰਫ਼ ਇਕ ਅਜਿਹੇ ਆਗੂ ਨੂੰ ਚੁਣਿਆ ਸੀ, ਜਿਸ ਦੀਆਂ ਸਿਆਸੀ ਤਰਜੀਹਾਂ ਸਮੇਂ ਦੇ ਨਾਲ ਬਦਲ ਸਕਦੀਆਂ ਹਨ? ਦਲ-ਬਦਲੀ ਦੇ ਇਸ ਰੁਝਾਨ ਦਾ ਦੂਜਾ ਵੱਡਾ ਪ੍ਰਭਾਵ ਪਾਰਟੀ ਵਰਕਰਾਂ ’ਤੇ ਪੈ ਰਿਹਾ ਹੈ। ਕਿਸੇ ਵੀ ਸਿਆਸੀ ਪਾਰਟੀ ਦੀ ਅਸਲ ਤਾਕਤ ਉਸ ਦੇ ਜ਼ਮੀਨੀ ਪੱਧਰ ਦੇ ਵਰਕਰ ਹੁੰਦੇ ਹਨ। ਇਹ ਵਰਕਰ ਸਾਲਾਂ ਤੱਕ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਦੇ ਹਨ, ਲੋਕਾਂ ਦੇ ਘਰਾਂ ਤੱਕ ਪਹੁੰਚਦੇ ਹਨ, ਚੋਣਾਂ ਦੌਰਾਨ ਦਿਨ-ਰਾਤ ਮਿਹਨਤ ਕਰਦੇ ਹਨ। ਪਰ ਜਦੋਂ ਉਨ੍ਹਾਂ ਦਾ ਹੀ ਸਿਆਸੀ ਆਗੂ ਅਚਾਨਕ ਪਾਰਟੀ ਬਦਲ ਲੈਂਦਾ ਹੈ ਤਾਂ ਵਰਕਰਾਂ ਲਈ ਸਥਿਤੀ ਕਾਫ਼ੀ ਅਜੀਬ ਬਣ ਜਾਂਦੀ ਹੈ। ਉਨ੍ਹਾਂ ਦੇ ਸਾਹਮਣੇ ਵੱਡਾ ਸਵਾਲ ਇਹ ਹੁੰਦਾ ਹੈ ਕਿ ਉਹ ਹੁਣ ਕਿਸ ਪਾਸੇ ਜਾਣ? ਕੀ ਉਹ ਆਪਣੇ ਪੁਰਾਣੇ ਆਗੂ ਦੇ ਨਾਲ ਨਵੀਂ ਪਾਰਟੀ ਵਿਚ ਚਲੇ ਜਾਣ ਜਾਂ ਉਸ ਪਾਰਟੀ ਨਾਲ ਜੁੜੇ ਰਹਿਣ, ਜਿਸ ਦੀ ਵਿਚਾਰਧਾਰਾ ਲਈ ਉਨ੍ਹਾਂ ਨੇ ਸਾਲਾਂ ਤੱਕ ਮਿਹਨਤ ਕੀਤੀ ਹੈ? ਕਈ ਵਰਕਰ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹਨ, ਜਦਕਿ ਕਈ ਪੁਰਾਣੀ ਪਾਰਟੀ ਵਿਚ ਹੀ ਰਹਿ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖਦੇ ਹਨ। ਵੋਟਰਾਂ ਦਾ ਇਕ ਵਰਗ ਇਹ ਮੰਨਦਾ ਹੈ ਕਿ ਕੁੱਝ ਆਗੂਆਂ ਲਈ ਪਾਰਟੀ ਹੁਣ ਸਿਧਾਂਤਾਂ ਅਤੇ ਵਿਚਾਰਾਂ ਦਾ ਮੰਚ ਰਹਿਣ ਦੀ ਬਜਾਏ ਸਿਆਸੀ ਲਾਭ ਪ੍ਰਾਪਤ ਕਰਨ ਦਾ ਸਾਧਨ ਬਣਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨਾਲ ਗੱਠਜੋੜ ਵੇਲੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ - ਪਰਮਿੰਦਰ ਸਿੰਘ ਢੀਂਡਸਾ ਅਗਲੀ ਖ਼ਬਰ ਕੇ . ਸੀ . ਐੱਫ . ਨਾਲ ਜੁੜੇ ਦੋ ਵਿਅਕਤੀ 4 ਹੈਂਡ ਗ੍ਰਨੇਡ ਤੇ 2 ਪਿਸਤੌਲਾਂ ਸਮੇਤ ਕਾਬੂ ਮੁਲਜ਼ਮਾਂ ਨੂੰ ਕਿਸੇ ਸੁਰੱਖਿਆ ਅ...
Ad Position 24