ਬਰਗਾੜੀ, 31 ਦਸੰਬਰ (ਲਖਵਿੰਦਰ ਸ਼ਰਮਾ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਹਿਬਲ ਕੋਟਕਪੂਰਾ ਗੋਲੀਕਾਂਡ ਦੇ ਇਨਸਾਫ਼ ਲਈ ਬਹਿਬਲ ਵਿਖੇ ਲੱਗ ਚੁੱਕੇ ਮੋਰਚੇ ਦੇ ਆਗੂ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਸ਼ੋ੍ਰਮਣੀ ਕਮੇਟੀ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਇਨਸਾਫ਼ ਲਈ ਰਾਜਨੀਤੀ ਕਰਨ ਦੀ ਬਜਾਏ ਇਨਸਾਫ਼ ਲਈ ਸਹਿਯੋਗ ਕਰੇ | ਉਨ੍ਹਾਂ ਕਿਹਾ ਕਿ ਜਦੋਂ ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਅਤੇ ਹੋਰਨਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਅਸੀਂ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਪੂਰਨ ਇਨਸਾਫ਼ ਦੀ ਮੰਗ ਕਰਦੇ ਹਾਂ ਤਾਂ 328 ਸਰੂਪਾਂ ਦੀ ਜਾਂਚ ਸਮੇਂ ਅਸੀਂ ਜਾਂਚ ਵਿਚ ਸਹਿਯੋਗ ਕਰਨ ਤੋਂ ਕੰਨੀ ਕਿਓ ਕਤਰਾ ਰਹੇ ਹਾਂ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਨਾਲ ਜੁੜੇ ਮਾਮਲਿਆਂ 'ਤੇ ਕਿਸੇ ਤਰਾਂ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸਾਂ ਦਾ ਵਿਰੋਧ ਕੀਤਾ ਜਾਵੇਗਾ | ਸ਼੍ਰੋਮਣੀ ਕਮੇਟੀ ਇਸ ਮਸਲੇ 'ਤੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਐਸ.ਜੀ.ਪੀ.ਸੀ ਆਪਣੀ ਜ਼ਿੰਮੇਵਾਰੀ ਅਨੁਸਾਰ ਇਸ ਮਸਲੇ 'ਤੇ ਹੋਰਨਾਂ ਗੱਲਾਂ ਕਰਨ ਦੀ ਬਜਾਏ ਸੰਗਤਾਂ ਨੂੰ ਸਪੱਸ਼ਟ ਦੱਸੇ ਕਿ 328 ਸਰੂਪ ਕਿਥੇ ਬਿਰਾਜਮਾਨ ਹਨ ਤੇ 328 ਸਰੂਪਾਂ ਦੇ ਇਨਸਾਫ਼ ਲਈ ਲਗਾਏ ਮੋਰਚੇ ਨੂੰ ਜਬਰੀ ਖਤਮ ਕਰਵਾਉਣ ਪਿੱਛੇ ਕਿਸ ਦਾ ਹੱਥ ਸੀ |