ਮੋਗਾ, 2 ਜਨਵਰੀ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਮੋਗਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਸੰਧੂਆਣਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ ਵਾਲੇ, ਪ੍ਰਕਾਸ਼ ਸਿੰਘ, ਜਗਸੀਰ ਸਿੰਘ ਬਰਾੜ, ਸੁਖਜੀਤ ਸਿੰਘ ਨਿਧਾਂਵਾਲਾ ਨੇ ਦੱਸਿਆ ਕਿ ਬਿਜਲੀ ਬਿੱਲ 2025, ਬੀਜ ਬਿੱਲ 2025 ਨੂੰ ਵਾਪਸ ਲੈਣ, ਜਨਤਕ ਖੇਤਰ ਦੇ ਨਿੱਜੀਕਰਨ ਅਤੇ ਸਰਕਾਰੀ ਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਵਿਰੁੱਧ ਅਤੇ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਇਕ ਵੱਡੀ ਜਨਤਕ ਲਾਮਬੰਦੀ ਕਰਦੇ ਹੋਏ ਸੰਘਰਸ਼ ਤੇਜ਼ ਕਰਨ ਲਈ ਵਿਚਾਰ ਚਰਚਾ ਕੀਤੀ | ਬਲਕਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਨੂੰ ਜਨਤਕ ਸੇਵਾ ਦੀ ਥਾਂ ਮੰਡੀ ਦੀ ਵਸਤੂ ਬਣਾਉਣ ਦੇ ਇਰਾਦੇ ਨਾਲ ਲਿਆਂਦੇ ਜਾ ਰਹੇ ਬਿਜਲੀ ਬਿੱਲ 2025 ਨੂੰ ਆਮ ਲੋਕਾਂ ਵਿਰੁੱਧ ਕੇਂਦਰ ਸਰਕਾਰ ਵਲੋਂ ਵਾਪਸ ਕਰਵਾਉਣ ਲਈ ਮੋਰਚੇ ਦੇ ਸੱਦੇ ਤੇ 4 ਜਨਵਰੀ ਤੱਕ ਪਿੰਡਾਂ ਕਸਬਿਆਂ ਅਤੇ ਸ਼ਹਿਰਾਂ ਚ ਮੋਟਰਸਾਈਕਲ ਮਾਰਚ, ਝੰਡਾ ਤੇ ਢੋਲ ਮਾਰਚ ਜਾਗੋ, ਰੈਲੀਆਂ ਅਤੇ ਮੁਜ਼ਾਹਰੇ ਕਰਕੇ 16 ਜਨਵਰੀ ਨੂੰ ਬਿਜਲੀ ਵਿਭਾਗ ਦੇ ਐਸ.ਈ. ਦਫ਼ਤਰਾਂ ਉੱਪਰ ਇੱਕ ਦਿਨ ਦੇ ਵਿਸ਼ਾਲ ਧਰਨੇ ਵਿੱਚ ਵੀ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਹੈ | ਐਸ.ਕੇ.ਐਮ. ਮੋਗਾ ਵਲੋਂ 4 ਜਨਵਰੀ ਨੂੰ ਪਿੰਡ ਦੁੱਨੇਕੇ ਤੋਂ ਇਕੱਠੇ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਦੀ ਹੁੰਦੇ ਹੋਏ ਡਗਰੂ ਇਕੱਤਰ ਹੋ ਕੇ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਕੱਢਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਰਕਾਰ ਦੇ ਚਾਰ ਲੇਬਰ ਕੋਡ ਰੱਦ ਕਰਨ, ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਵਿਰੁੱਧ ਵੀ ਆਵਾਜ਼ ਚੁੱਕਣ ਦਾ ਫ਼ੈਸਲਾ ਕੀਤਾ ਗਿਆ | ਕੇਂਦਰ ਸਰਕਾਰ ਵਲੋਂ ਮਗਨਰੇਗਾ ਸਕੀਮ ਨੂੰ 'ਜੀ ਰਾਮ ਜੀ' ਤਹਿਤ ਬਦਲਣ ਲਈ ਮਗਨਰੇਗਾ ਨੂੰ ਖ਼ਤਮ ਕਰਨ ਦੀ ਵੀ ਨਿਖੇਧੀ ਕੀਤੀ ਤੇ ਮਗਨਰੇਗਾ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਕਿਹਾ |