ਮੋਗਾ, 2 ਜਨਵਰੀ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਸਰਕਾਰੀ ਹੈਲੀਕਾਪਟਰ ਦੇ ਦੁਰਪ੍ਰਯੋਗ 'ਤੇ ਸਵਾਲ ਉਠਾਉਣ ਵਾਲੇ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਫ਼ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ 'ਤੇ ਤਿੱਖਾ ਹਮਲਾ ਕੀਤਾ ਹੈ | ਡਾ. ਹਰਜੋਤ ਕਮਲ ਨੇ ਇਸ ਕਾਰਵਾਈ ਨੂੰ ਸਿੱਧੇ ਤੌਰ 'ਤੇ ਪੰਜਾਬ ਵਿਚ ਅਣਐਲਾਨੀ ਐਮਰਜੈਂਸੀ ਕਰਾਰ ਦਿੰਦਿਆਂ ਕਿਹਾ ਕਿ ਅੱਜ ਹਾਲਾਤ ਇੰਨੇ ਬੌਣੇ ਬਣਾ ਦਿੱਤੇ ਗਏ ਹਨ ਕਿ ਸਰਕਾਰੀ ਸਿਸਟਮ 'ਤੇ ਸਵਾਲ ਕਰਨਾ ਵੀ ਜੁਰਮ ਬਣ ਗਿਆ ਹੈ | ਡਾ. ਹਰਜੋਤ ਕਮਲ ਨੇ ਕਿਹਾ ਕਿ ਲੋਕਤੰਤਰ ਵਿਚ ਸਵਾਲ ਪੁੱਛਣਾ ਨਾਗਰਿਕਾਂ ਅਤੇ ਮੀਡੀਆ ਦਾ ਅਧਿਕਾਰ ਹੈ, ਪਰ ਮੌਜੂਦਾ ਸਰਕਾਰ ਆਲੋਚਨਾ ਤੋਂ ਡਰ ਕੇ ਦਮਨਕਾਰੀ ਕਦਮ ਚੁੱਕ ਰਹੀ ਹੈ | ਡਾ. ਹਰਜੋਤ ਕਮਲ ਨੇ ਸਪਸ਼ਟ ਕੀਤਾ ਕਿ ਇਹ ਨਾ ਸਿਰਫ਼ ਵਿਅਕਤੀਤਵ ਦੀ ਆਜ਼ਾਦੀ 'ਤੇ ਹਮਲਾ ਹੈ, ਸਗੋਂ ਲੋਕਤੰਤਰਿਕ ਮੁੱਲਾਂ ਦੀ ਵੀ ਘੋਰ ਉਲੰਘਣਾ ਹੈ | ਇਸ ਮਾਮਲੇ ਵਿਚ ਪੰਜਾਬ ਪੁਲਿਸ ਨੇ ਇਕ ਸੋਸ਼ਲ ਮੀਡੀਆ ਇਨਫਲੂਐਂਸਰ, ਇਕ ਆਰ.ਟੀ.ਆਈ. ਐਕਟਿਵਿਸਟ ਅਤੇ ਇਕ ਸੋਸ਼ਲ ਮੀਡੀਆ ਚੈਨਲ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਹੈ | ਪੁਲਿਸ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਗ਼ਲਤ ਅਤੇ ਗੁਮਰਾਹਕੁਨ ਜਾਣਕਾਰੀ ਫੈਲਾਈ | ਇਹ ਐਫ.ਆਈ.ਆਰ. ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਵਿਚ ਦਰਜ ਕੀਤੀ ਗਈ ਹੈ | ਪੁਲਿਸ ਮੁਤਾਬਿਕ ਇਸ ਪੂਰੇ ਮਾਮਲੇ ਵਿਚ ਉਡਾਣ-ਟਰੈਕਿੰਗ ਡਾਟਾ ਦੀ ਗ਼ਲਤ ਵਿਆਖਿਆ ਕੀਤੀ ਗਈ | ਐਫ.ਆਈ.ਆਰ. 12 ਦਸੰਬਰ ਨੂੰ ਦਰਜ ਕੀਤੀ ਗਈ ਸੀ, ਪਰ ਇਸ ਨੂੰ ਲੰਮੇ ਸਮੇਂ ਤੱਕ ਗੁਪਤ ਰੱਖਿਆ ਗਿਆ, ਜਿਸ 'ਤੇ ਵੀ ਡਾ. ਹਰਜੋਤ ਕਮਲ ਨੇ ਸਵਾਲ ਉਠਾਏ | ਉਨ੍ਹਾਂ ਨੇ ਕਿਹਾ ਕਿ ਜੇ ਮਾਮਲਾ ਇੰਨਾ ਹੀ ਗੰਭੀਰ ਸੀ ਤਾਂ ਐਫ.ਆਈ.ਆਰ. ਨੂੰ ਛੁਪਾਉਣ ਦੀ ਲੋੜ ਕਿਉਂ ਪਈ | ਇਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰ ਦੀ ਮਨਸ਼ਾ ਸਵਾਲ ਉਠਾਉਣ ਵਾਲਿਆਂ ਨੂੰ ਡਰਾਉਣ ਦੀ ਹੈ | ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਜਾਣਕਾਰੀ ਮੰਗਣਾ ਜੁਰਮ ਨਹੀਂ, ਸਗੋਂ ਲੋਕਤੰਤਰ ਦੀ ਮਜ਼ਬੂਤੀ ਅਤੇ ਨਾਗਰਿਕਾਂ ਦਾ ਅਧਿਕਾਰ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਵਾਲ ਪੁੱਛਣ ਵਾਲਿਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ, ਤਾਂ ਇਸ ਦਾ ਜਵਾਬ ਲੋਕਤੰਤਰਿਕ ਅਤੇ ਸੰਵਿਧਾਨਕ ਢੰਗ ਨਾਲ ਦਿੱਤਾ ਜਾਵੇਗਾ |