ਮੋਗਾ, 2 ਜਨਵਰੀ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਗਾ ਪੁਲਿਸ ਵਲੋਂ ਨਸ਼ਿਆਂ ਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹੁਣ ਵੱਡੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਹਨ, ਇਸ ਕੜੀ ਤਹਿਤ ਇਕ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਜ਼ਬਤ ਕਰ ਲਿਆ ਗਿਆ ਹੈ | ਇਸ ਸੰਬੰਧੀ ਡੀ. ਐਸ. ਪੀ. ਨਿਹਾਲ ਸਿੰਘ ਵਾਲਾ ਅਨਵਰ ਅਲੀ ਨੇ ਪਿੰਡ ਕਿਸ਼ਨਗੜ੍ਹ ਪੱਖਰਵੱਢ 'ਚ ਪ੍ਰਾਪਰਟੀ ਜ਼ਬਤ ਕਰਨ ਸਮੇਂ ਦੱਸਿਆ ਕਿ ਗੁਰਜੀਤ ਸਿੰਘ ਉਰਫ਼ ਜੀਤ ਪੁੱਤਰ ਗੁਰਜੰਟ ਸਿੰਘ ਵਾਸੀ ਕਿਸ਼ਨਗੜ੍ਹ ਪੱਖਰਵੱਢ ਤੇ ਥਾਣਾ ਅਜੀਤਵਾਲ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਰਾਜ ਸਿੰਘ ਵਲੋਂ ਥਾਣਾ ਅਜੀਤਵਾਲ 'ਚ 6 ਸਤੰਬਰ 2025 ਨੂੰ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਉਸ ਦੇ ਨਾਂਅ 'ਤੇ ਇਕ ਸਵਿਫ਼ਟ ਗੱਡੀ ਦੀ ਕੀਮਤ 591633 ਰੁਪਏ ਤੇ ਉਸ ਦੇ ਰਿਹਾਇਸ਼ੀ ਘਰ ਦੀ ਕੀਮਤ 8425000 ਰੁਪਏ ਹੈ, ਜੋ ਕਿ ਉਸ ਦੇ ਪਿਤਾ ਦੇ ਨਾਂਅ 'ਤੇ ਹੈ, ਜੋ ਕਿ ਕੁੱਲ 9016633 ਬਣਦੀ ਹੈ | ਉਨ੍ਹਾਂ ਕਿਹਾ ਕਿ ਪ੍ਰਾਪਰਟੀ ਬਾਰੇ ਪੜਤਾਲ ਕਰਨ 'ਤੇ ਇਹ ਤੱਥ ਸਾਹਮਣੇ ਆਏ ਕਿ ਉਕਤ ਪ੍ਰਾਪਰਟੀ ਗ਼ੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਅਤੇ ਇਸ ਨੂੰ ਐਨ. ਡੀ. ਪੀ. ਐਸ. ਐਕਟ ਦੀ ਧਾਰਾ 68- ਐਫ (2) ਤਹਿਤ ਭਾਰਤ ਸਰਕਾਰ ਦੇ ਵਿਤ ਵਿਭਾਗ ਦੇ ਸਮਰੱਥ ਅਧਿਕਾਰੀ ਪਾਸੋਂ ਮਨਜ਼ੂਰੀ ਹਾਸਿਲ ਕਰਨ ਉਪਰੰਤ ਅਟੈਚ ਕੀਤੀ ਗਈ ਹੈ ਅਤੇ ਭਵਿੱਖ 'ਚ ਹੋਰ ਵੀ ਨਸ਼ਾ ਤਸਕਰਾਂ ਖ਼ਿਲਾਫ਼ ਅਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ |