ਮੋਗਾ, 2 ਜਨਵਰੀ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆ ਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਖਣਮੁਖ ਭਾਰਤੀ ਪੱਤੋ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਿਥੇ ਨਵੇਂ ਸਾਲ ਦੀਆਂ ਸਮੁੱਚੀ ਲੁਕਾਈ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਸਾਲ ਸਾਰਿਆਂ ਲਈ ਖ਼ੁਸ਼ੀਆਂ ਤੇ ਖ਼ੁਸ਼ਹਾਲੀ ਲੈ ਕੇ ਆਵੇ | ਹਲਕਾ ਧਰਮਕੋਟ ਦੇ ਇੰਚਾਰਜ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਦਾ ਇੰਚਾਰਜ ਹਲਕਾ ਧਰਮਕੋਟ ਦੇ 10 ਸਰਕਲ ਪ੍ਰਧਾਨਾਂ, ਆਗੂਆਂ ਤੇ ਵਰਕਰਾਂ ਦੀ ਸਲਾਹ ਨਾਲ ਲਗਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਲ ਪ੍ਰਧਾਨਾਂ, ਆਗੂਆਂ ਤੇ ਵਰਕਰਾਂ ਦੀ ਸਲਾਹ ਉਪਰੰਤ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨਗੇ ਤੇ ਉਨ੍ਹਾਂ ਦੀ ਸਹਿਮਤੀ ਨਾਲ ਹੀ ਹਲਕਾ ਧਰਮਕੋਟ ਦਾ ਇੰਚਾਰਜ ਲਗਾਇਆ ਜਾਵੇਗਾ | ਆਗੂਆਂ ਨੇ ਕਿਹਾ ਕਿ ਤਰਨਤਾਰਨ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਹਾਈਕਮਾਨ ਵਲੋਂ ਜੋ ਦਿਨ ਰਾਤ ਮਿਹਨਤ ਕੀਤੀ ਗਈ ਉਸ ਦੇ ਸਿੱਟੇ ਵਜੋਂ ਸ਼੍ਰੋਮਣੀ ਅਕਾਲੀ ਦਲ ਭਾਵੇਂ ਜਿੱਤ ਨਹੀਂ ਸਕਿਆ ਪਰ ਉਹ 'ਆਪ' ਨੂੰ ਸਖ਼ਤ ਟੱਕਰ ਦੇਣ ਵਿਚ ਪੂਰੀ ਤਰ੍ਹਾਂ ਕਾਮਯਾਬ ਹੋਇਆ ਤੇ ਉਨ੍ਹਾਂ ਵਲੋਂ ਕੀਤੇ ਜ਼ਬਰ ਜ਼ੁਲਮ ਤੇ ਧੱਕੇਸ਼ਾਹੀ ਦਾ ਵੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਡਟ ਕੇ ਸਾਹਮਣਾ ਕੀਤਾ ਤੇ ਹਾਲ ਹੀ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਵੀ ਸ਼੍ਰੋਮਣੀ ਅਕਾਲੀ ਦਲ ਆਪਣਾ ਜਨ ਆਧਾਰ ਤੇ ਵੋਟ ਬੈਂਕ ਵਧਾਉਣ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ ਤੇ ਸੱਤਾਧਾਰੀ ਪਾਰਟੀ ਦਾ ਅਕਾਲੀ ਉਮੀਦਵਾਰਾਂ ਨੇ ਡਟ ਕੇ ਮੁਕਾਬਲਾ ਕੀਤਾ ਤੇ ਵੱਡੀ ਪੱਧਰ 'ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਜਿੱਤ ਦਰਜ ਕੀਤੀ ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਆ ਰਹੀਆਂ 2027 ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਆਪਣੇ ਬਲਬੂਤੇ 'ਤੇ ਸਪੱਸ਼ਟ ਬਹੁਮਤ ਲੈ ਕੇ ਆਪਣੀ ਸਰਕਾਰ ਬਣਾਏਗਾ ਕਿਉਂਕਿ ਅੱਜ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ ਤੇ ਸੂਬੇ ਦਾ ਹਰ ਵਰਗ ਇਸ ਸਰਕਾਰ ਨੂੰ ਚੱਲਦਾ ਕਰਨ ਲਈ ਸੜਕਾਂ 'ਤੇ ਉੱਤਰ ਆਇਆ ਹੈ ਕਿਉਂਕਿ ਇਸ ਨੇ ਸਰਕਾਰ ਬਣਨ ਤੋਂ ਪਹਿਲਾਂ ਜੋ ਵਾਅਦੇ ਸੂਬੇ ਦੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਨੂੰ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਪੂਰਾ ਨਹੀਂ ਕੀਤਾ | ਇਥੇ ਹੀ ਬਸ ਨਹੀਂ ਅੱਜ ਅਮਨ ਕਾਨੂੰਨ ਦੀ ਹਾਲਤ ਨਿੱਗਰ ਕੇ ਰਹਿ ਗਈ ਹੈ ਤੇ ਦਿਨ ਦਿਹਾੜੇ ਗੋਲੀਆਂ ਚੱਲਣਾ, ਫਿਰੌਤੀਆਂ ਮੰਗਣਾ, ਲੁੱਟਾਂ ਖੋਹਾਂ ਦਾ ਬੋਲਬਾਲਾ ਦਿਨ ਬ ਦਿਨ ਵਧਦਾ ਜਾ ਰਿਹਾ ਹੈ ਜਿਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ |