ਮੋਗਾ/ਕੋਟ ਈਸੇ ਖਾਂ, 23 ਜਨਵਰੀ (ਗੁਰਤੇਜ ਸਿੰਘ ਬੱਬੀ, ਗੁਰਮੀਤ ਸਿੰਘ ਖ਼ਾਲਸਾ)-ਮੋਗਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਅਪ੍ਰੇਸ਼ਨ ਪ੍ਰਹਾਰ ਤਹਿਤ ਅੱਜ ਕਸਬਾ ਕੋਟ ਈਸੇ ਖਾਂ ਵਿਖੇ ਇਕ ਨਾਮੀ ਸਮਗਲਰ ਦਾ ਨਗਰ ਪੰਚਾਇਤ ਦੀ ਮਦਦ ਨਾਲ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰ ਵਿਚ ਢਾਹ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ, ਐਸ.ਪੀ. ਬਾਲ ਕਿ੍ਸ਼ਨ ਸਿੰਗਲਾ, ਡੀ.ਐਸ.ਪੀ. ਧਰਮਕੋਟ ਤੋਂ ਇਲਾਵਾ ਪੁਲਿਸ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਤੇ ਗੱਲਬਾਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਕੋਟ ਈਸੇ ਖਾਂ ਦੇ ਸੁੰਦਰ ਨਗਰ ਵਿਚ ਜੋ ਮਕਾਨ ਢਾਹਿਆ ਜਾ ਰਿਹਾ ਹੈ, ਉਹ ਨਸ਼ਾ ਸਮਗਲਰ ਲਖਵਿੰਦਰ ਸਿੰਘ ਦਾ ਘਰ ਹੈ ਅਤੇ ਉਸ 'ਤੇ ਨਸਾ ਤਸਕਰੀ ਦੇ ਸੱਤ ਐਨ.ਡੀ.ਪੀ.ਐਸ. ਐਕਟ ਦੇ ਮੁਕੱਦਮੇ ਦਰਜ ਹਨ ਅਤੇ ਇਕ ਮੁਕੱਦਮੇ ਵਿਚ ਉਸ ਨੂੰ ਸਜ਼ਾ ਹੋਈ ਹੈ ਅਤੇ ਹੁਣ ਉਹ ਜੇਲ੍ਹ ਵਿਚ ਬੰਦ ਹੈ | ਉਨ੍ਹਾਂ ਦੱਸਿਆ ਕਿ ਇਹ ਮਕਾਨ ਗੈਰ ਕਾਨੂੰਨੀ ਢੰਗ ਦੀਆਂ ਗਤੀਵਿਧੀਆਂ ਕਰਕੇ ਬਣਾਇਆ ਗਿਆ ਹੈ ਅਤੇ ਇਸ ਮਕਾਨ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਕਾਨ ਵਿਚ ਕੋਈ ਵੀ ਵਸੋਂ ਨਹੀਂ ਹੈ ਅਤੇ ਮਕਾਨ ਦੇ ਅੰਦਰ ਜੋ ਸਮਾਨ ਪਿਆ ਸੀ ਉਸ ਦੀ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਵੀਡੀਓਗ੍ਰਾਫੀ ਕਰਵਾ ਕੇ ਸੇਫ਼ ਕਰ ਦਿੱਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਅਜਿਹੀਆਂ ਕਾਰਵਾਈਆਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ | ਉਨ੍ਹਾਂ ਨਸ਼ਾ ਸਮਗਲਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਮਾਜ ਵਿਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਤੇ ਉਹ ਜਾਂ ਤਾਂ ਨਸ਼ਾ ਵੇਚਣਾ ਬੰਦ ਕਰ ਦੇਣ ਨਹੀਂ ਤਾਂ ਜੇਲ੍ਹ ਜਾਣ ਵਾਸਤੇ ਤਿਆਰ ਰਹਿਣ | ਉਨ੍ਹਾਂ ਕਿਹਾ ਕਿ ਹੁਣ ਯੁੱਧ ਨਸ਼ਿਆਂ ਵਿਰੁੱਧ ਦੇ ਨਾਲ ਅਪ੍ਰੇਸ਼ਨ ਪ੍ਰਹਾਰ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦਾ ਮੁੱਖ ਮਕਸਦ ਅਪਰਾਧੀ ਤੱਤਾਂ ਖ਼ਿਲਾਫ਼ ਨਿਪਟਣਾ ਹੋਵੇਗਾ |