ਬੱਧਨੀ ਕਲਾਂ, 27 ਜਨਵਰੀ (ਸੰਜੀਵ ਕੋਛੜ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇਕਾਈ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ 'ਚ ਬੱਧਨੀ ਕਲਾਂ ਅਤੇ ਆਸ ਪਾਸ ਦੇ ਪਿੰਡਾਂ 'ਚ ਟਰੈਕਟਰ ਮਾਰਚ ਕੱਢਿਆ ਗਿਆ | ਇਸ ਸਮੇਂ ਨਵੀਂ ਅਨਾਜ ਮੰਡੀ 'ਚ ਵੱਡੀ ਗਿਣਤੀ 'ਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ, ਬਲਾਕ ਆਗੂ ਕੇਵਲ ਕਿ੍ਸ਼ਨ ਸ਼ਰਮਾ, ਪ੍ਰਧਾਨ ਜਗਜੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਘਿਉ ਖਿਚੜੀ ਹੋ ਕੇ ਜਿੱਥੇ ਕਾਰਪੋਰੇਟ ਘਰਾਨਿਆਂ ਨੂੰ ਫ਼ਾਇਦਾ ਕਰਵਾਉਣ ਲਈ ਪੱਬਾਂ ਭਾਰ ਹਨ ਉੱਥੇ ਹੀ ਗਰੀਬ, ਮਜ਼ਦੂਰ, ਕਿਸਾਨ, ਵਪਾਰੀ ਵਰਗ ਨੂੰ ਲੁੱਟਣ ਦੀਆਂ ਨੀਤੀਆਂ ਘੜ ਰਹੀਆਂ ਹਨ, ਉਨ੍ਹਾਂ ਸਰਕਾਰਾਂ ਨੂੰ ਚਿਤਾਵਨੀ ਭਰੇ ਸ਼ਬਦਾਂ 'ਚ ਬਿਜਲੀ ਐਕਟ 2025 ਨੂੰ ਰੱਦ ਕਰਨ, ਬੀਜ ਸੋਧ ਬਿੱਲ ਨੂੰ ਰੱਦ ਕਰਨ, ਮਨਰੇਗਾ ਸਕੀਮ ਤਹਿਤ ਕੀਤੀਆਂ ਗਈਆਂ ਤਬਦੀਲੀਆਂ ਨੂੰ ਰੱਦ ਕਰਕੇ ਮਜ਼ਦੂਰਾਂ ਦੇ ਹੱਕ ਬਹਾਲ ਕਰਨ ਆਦਿ ਮੰਗਾਂ ਨੂੰ ਲਾਗੂ ਕਰਨ ਮੰਗ ਕਰਦਿਆਂ ਕਿਹਾ ਕਿ ਨਹੀਂ ਤਾਂ ਕਿਸਾਨ ਮਜ਼ਦੂਰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨ ਤੋਂ ਗੁਰੇਜ਼ ਨਹੀਂ ਕਰਨਗੇ, ਉਨ੍ਹਾਂ ਸਮੁੱਚੇ ਕਿਸਾਨਾਂ ਨੂੰ ਸੰਘਰਸ਼ ਲੜਨ ਦਾ ਸੱਦਾ ਦਿੰਦਿਆਂ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ | ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਰੋਸ ਮਾਰਚ 'ਚ 100 ਤੋਂ ਵਧੇਰੇ ਟਰੈਕਟਰਾਂ ਦਾ ਕਾਫ਼ਲਾ ਆਪਣੀਆਂ ਮੰਗਾਂ ਲਈ ਬੱਧਨੀ ਕਲਾਂ ਅਤੇ ਆਸ ਪਾਸ ਦੀਆਂ ਸੜਕਾਂ 'ਤੇ ਨਿਕਲਿਆ ਹੈ | ਇਸ ਮੌਕੇ ਜਗਜੀਤ ਸਿੰਘ ਪ੍ਰਧਾਨ, ਗੁਰਚਰਨ ਸਿੰਘ ਰਾਮਾ, ਕੇਵਲ ਕ੍ਰਿਸ਼ਨ ਸ਼ਰਮਾ, ਮਾਸਟਰ ਸਵਰਨ ਸਿੰਘ, ਭਜਨ ਸਿੰਘ ਮੀਨੀਆਂ, ਗੁਰਭਗਤ ਸਿੰਘ ਰਣੀਆਂ, ਸਾਧੂ ਸਿੰਘ ਮੱਲੇਆਣਾ, ਹਰਬੰਸ ਸਿੰਘ ਬੌਡੇ, ਗੁਰਜੰਟ ਸਿੰਘ ਕੁੱਸਾ, ਹਾਕਮ ਸਿੰਘ ਰਾਮਾ ਸਮੇਤ ਬਹੁਤ ਵੱਡੀ ਗਿਣਤੀ 'ਚ ਕਿਸਾਨ ਵੀਰ ਹਾਜ਼ਰ ਸਨ |