ਨਿਹਾਲ ਸਿੰਘ ਵਾਲਾ, 20 ਫਰਵਰੀ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਕਿਸਾਨ ਆਗੂ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਦੀ 16ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਤਖ਼ਤੂਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਅਗਵਾਈ ਹੇਠ ਮਨਾਈ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਰਨਾਲਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਰਾਜ ਸਿੰਘ ਕੁੱਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ 16 ਵਰ੍ਹੇ ਪਹਿਲਾਂ ਹਕੂਮਤਾਂ ਤੇ ਭੋਂ-ਮਾਫ਼ੀਏ ਨੂੰ ਇਹ ਭੁਲੇਖਾ ਸੀ ਕਿ ਸਾਧੂ ਸਿੰਘ ਨੂੰ ਸ਼ਹੀਦ ਕਰ ਕੇ ਉਹ ਜ਼ਮੀਨੀ ਲੜਾਈ ਨੂੰ ਰੋਕ ਦੇਣਗੇ ਅਤੇ ਕੋਈ ਆਬਾਦਕਾਰ ਜ਼ਮੀਨਾਂ ਦੀ ਮਾਲਕੀ ਦੀ ਗੱਲ ਨਹੀਂ ਕਰੇਗਾ ਪਰ ਅੱਜ ਮੁਲਕ ਦੇ ਹਰੇਕ ਸੂਬੇ ਅੰਦਰ ਜਿੱਥੇ ਜ਼ਮੀਨਾਂ ਉੱਪਰ ਸਾਮਰਾਜੀ ਹੱਲਾ ਤੇਜ਼ ਕੀਤਾ ਹੋਇਆ ਹੈ ਉਥੇ ਨਾਲ ਦੀ ਨਾਲ ਜ਼ਮੀਨੀ ਘੋਲ ਵੀ ਤੇਜ਼ ਹੋਇਆ ਹੈ ਜਿਸ ਦੀ ਤਾਜ਼ਾ ਉਦਾਹਰਨ ਜਿਉਂਦ ਵਿਖੇ ਚੱਲ ਰਿਹਾ ਜ਼ਮੀਨੀ ਮੋਰਚਾ ਹੈ | ਉਕਤ ਆਗੂਆਂ ਨੇ ਕਿਹਾ ਕਿ ਅੱਜ ਪੂਰੇ ਦੇਸ਼ 'ਚ ਸਾਮਰਾਜੀ ਦੇਸ਼ਾਂ ਤੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਨਿਆਂ ਵਲੋਂ ਜੋ ਜਲ, ਜੰਗਲ ਤੇ ਜ਼ਮੀਨਾਂ 'ਤੇ ਹੱਲਾ ਬੋਲਿਆ ਹੋਇਆ ਹੈ ਉਸ ਦਾ ਟਾਕਰਾ ਕਰਨ ਲਈ ਸਾਨੂੰ ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਤੋਂ ਅਗਵਾਈ ਲੈਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਐਸ. ਕੇ. ਐਮ. ਭਾਰਤ ਦੇ ਫ਼ੈਸਲੇ ਅਨੁਸਾਰ ਪੰਜਾਬ ਦੇ ਕਿਸਾਨਾਂ ਵਲੋਂ 22 ਫਰਵਰੀ ਨੂੰ ਬੀਜ ਬਿੱਲ ਤੇ ਬਿਜਲੀ ਬਿੱਲ 2025 ਦੇ ਖ਼ਿਲਾਫ਼ ਆਮ ਆਦਮੀ ਪਾਰਟੀ ਦੀ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਦੇ ਘਰਾਂ ਮੂਹਰੇ ਧਰਨੇ ਦਿੱਤੇ ਜਾਣਗੇ | ਇਸ ਤੋਂ ਇਲਾਵਾ 10 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਅਮਰੀਕਾ ਨਾਲ ਜੋ ਟੈਕਸ ਮੁਕਤ ਵਪਾਰ ਸਮਝੌਤਾ ਕੀਤਾ ਜਾ ਰਿਹਾ ਹੈ, ਉਸ ਦੇ ਵਿਰੋਧ ਵਜੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਖੇਤੀ ਤੇ ਸਹਾਇਕ ਧੰਦਿਆਂ ਉੱਪਰ ਇਸ ਦੀ ਸਿੱਧੀ ਮਾਰ ਪਵੇਗੀ ਤੇ ਪੰਜਾਬ ਸਮੇਤ ਭਾਰਤ ਦੇ ਕਰੋੜਾਂ ਕਿਸਾਨ ਅਤੇ ਮਜ਼ਦੂਰ ਖੇਤੀ ਕਿੱਤੇ 'ਚੋਂ ਬਾਹਰ ਧੱਕੇ ਜਾਣਗੇ | ਬਰਸੀ ਸਮਾਗਮ 'ਚ ਖ਼ਜ਼ਾਨਚੀ ਬਲੌਰ ਸਿੰਘ ਘੱਲ ਕਲਾਂ, ਬੂਟਾ ਸਿੰਘ ਭਾਗੀਕੇ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਚੇਤਨਾ ਕਲਾਂ ਕੇਂਦਰ ਬਰਨਾਲਾ ਦੀ ਟੀਮ ਵਲੋਂ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਅਜਮੇਰ ਸਿੰਘ ਅÏਲਖ ਦੀ ਕਲਮ ਤੋਂ ਲਿਖਿਆ ਨਾਟਕ 'ਕਾਲਖ਼ ਹਨੇਰੇ' ਦਾ ਸਫਲ ਮੰਚਨ ਕੀਤਾ | ਪੰਜਾਬ ਦੇ ਮਸ਼ਹੂਰ ਲੋਕ ਗਾਇਕ ਜਗਸੀਰ ਜੀਦਾ ਵਲੋਂ ਆਪਣੇ ਨਿਵੇਕਲੇ ਅੰਦਾਜ਼ 'ਚ ਪ੍ਰਬੰਧ 'ਤੇ ਚੋਟ ਕਰਦੀਆਂ ਬੋਲੀਆਂ ਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ | ਰਾਮ ਸਿੰਘ ਹਠੂਰ ਵਲੋਂ ਵੀ ਇਨਕਲਾਬੀ ਗੀਤ ਪੇਸ਼ ਕੀਤੇ ਗਏ |