ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਆਪ ਸਰਕਾਰ ਦੇ ਰਾਜ 'ਚ ਅਮਨ ਕਾਨੂੰਨ ਦੀ ਸਥਿਤੀ ਸਰਕਾਰ ਦੇ ਹੱਥੋਂ ਪੂਰੀ ਤਰ੍ਹਾਂ ਖਿਸਕ ਗਈ ਹੈ ਅਤੇ ਹੁਣ ਗੁੰਡਾ ਅਨਸਰ ਪੁਲਿਸ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਸੂਬੇ 'ਚ ਅਮਨ ਕਾਨੂੰਨ ਦੀ ਸਥਿਤੀ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੈ ਅਤੇ ਸੂਬੇ ਦੇ ਲੋਕ ਡਰ ਦੇ ਸਾਏ ਹੇਠ ਜਿਉਂਦੇ ਹਨ ਤੇ ਮੁੱਖ ਮੰਤਰੀ ਅਤੇ ਉਸ ਦੇ ਆਕਾ ਅਰਵਿੰਦ ਕੇਜਰੀਵਾਲ ਦੀ ਜੁੰਡਲੀ ਸਿਆਸੀ ਰੰਜਿਸ਼ਾਂ ਕੱਢਦੇ ਨਜ਼ਰ ਆ ਰਹੇ ਹਨ ਅਤੇ ਹੁਣ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ 'ਤੇ ਗੈਰ-ਵਾਜਬ ਤੇ ਗੈਰ ਕਾਨੂੰਨੀ ਪੀਲਾ ਪੰਜਾ ਚਲਾ ਦਿੱਤਾ ਗਿਆ ਹੈ, ਜਦ ਕਿ 'ਆਪ' ਸਰਕਾਰ ਨੂੰ ਸੂਬੇ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਗੁੰਡਾ ਅਨਸਰਾਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਪ੍ਰਹਾਰ ਵਰਗੇ ਅਪ੍ਰੇਸ਼ਨ ਕਰਨ ਦੇ ਦਾਅਵੇ ਕਰਦੀ ਹੈ ਤੇ ਦੂਸਰੇ ਪਾਸੇ ਗੈਂਗਸਟਰਾਂ ਅਤੇ ਗੁੰਡਾ ਅਨਸਰਾਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਹਨ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਸ਼ਰੇਆਮ ਗੋਲੀਆਂ ਚਲਾ ਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ |