ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਕਿਰਤੀ ਕਿਸਾਨ ਯੂਨੀਅਨ ਵਲੋਂ ਅੱਜ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦਾ ਘੱਟੋ-ਘੱਟ ਸਮਰਥਨ ਮੁੱਲ 20 ਰੁਪਏ ਕਿੱਲੋ ਤੈਅ ਕਰਕੇ ਸਰਕਾਰੀ ਖਰੀਦ ਦੀ ਗਰੰਟੀ ਕਰਨ ਦੀ ਮੰਗ ਕੀਤੀ ਹੈ | ਆਗੂਆਂ ਕਿਹਾ ਕਿ ਪੰਜਾਬ 'ਚ ਕਰੀਬ 3 ਲੱਖ ਏਕੜ ਜ਼ਮੀਨ ਆਲੂਆਂ ਦੀ ਫ਼ਸਲ ਹੇਠ ਹੈ | ਦੇਸ਼ ਦਾ 60 ਫ਼ੀਸਦੀ ਕਰੀਬ ਆਲੂ ਬੀਜ ਦੇ ਰੂਪ 'ਚ ਪੰਜਾਬ 'ਚੋਂ ਵਰਤਿਆ ਜਾਂਦਾ ਹੈ | ਇਸ ਅਹਿਮ ਫ਼ਸਲ ਨੂੰ ਰੁਲਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ, ਜਰਨਲ ਸਕੱਤਰ ਚਮਕੌਰ ਸਿੰਘ ਰੋਡੇ, ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ ਨੇ ਕਿਹਾ ਕੇ ਇਸ ਸਾਲ ਗੰਨਾ, ਕਣਕ ਤੇ ਝੋਨੇ ਦਾ ਝਾੜ ਬਹੁਤ ਘੱਟ ਰਿਹਾ, ਉੱਪਰੋਂ ਹੜ੍ਹਾਂ ਦੀ ਮਾਰ ਪਈ, ਜਿਸ ਕਰਕੇ ਕਿਸਾਨੀ ਬਹੁਤ ਬੁਰੇ ਆਰਥਿਕ ਸੰਕਟ 'ਚ ਫਸ ਚੁੱਕੀ ਹੈ | ਹੁਣ ਆਲੂ 3 ਤੋਂ 5 ਰੁਪਏ ਦੇ ਦਰਮਿਆਨ ਵਿਕ ਰਿਹਾ, ਕਈ ਥਾਈਾ ਰੇਟ ਘੱਟ ਕਰਕੇ ਕਿਸਾਨਾਂ ਲਈ ਆਲੂ ਪੁੱਟਣ ਲਈ ਲੇਬਰ ਦੇ ਖਰਚੇ ਵੀ ਪੂਰੇ ਨਹੀਂ ਹੋਣੇ | ਕਿਸਾਨ ਆਗੂਆਂ ਕਿਹਾ ਕੇ ਦੋ ਦਿਨ ਪਹਿਲਾਂ ਫ਼ਿਰੋਜ਼ਪੁਰ 'ਚ ਕਿਸਾਨ ਨੇ ਆਲੂਆਂ ਦੀ ਫ਼ਸਲ 'ਚ ਘਾਟੇ ਕਰਕੇ ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕੇ ਬਹੁਤ ਮੰਦਭਾਗਾ ਹੈ | ਆਗੂਆਂ ਕਿਹਾ ਕਿ ਕੰਪਨੀਆਂ ਦੀ ਪਾਣੀ ਦੀ ਬੋਤਲ 20 ਰੁਪਏ ਲੀਟਰ ਵਿਕ ਰਹੀ ਤੇ ਆਲੂ 3-4 ਰੁਪਏ, ਕਿਸਾਨਾਂ ਦੇ ਆਲੂ ਤੋਂ ਰੇਤਾ ਵੀ ਮਹਿੰਗਾ ਵਿਕ ਰਿਹਾ | ਆਗੂਆਂ ਕਿਹਾ ਕਿ ਕਿਸਾਨ ਕਈ ਥਾਈ ਆਲੂ ਜ਼ਮੀਨ 'ਚ ਵਾਹੁਣ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਸਰਕਾਰ ਦੀਆਂ ਨੀਤੀਆਂ ਕਰਕੇ ਕਿਸਾਨਾਂ ਲਈ ਖੇਤੀ ਘਾਟੇ ਦਾ ਤੇ ਕਾਰਪੋਰੇਟ ਲਈ ਮੁਨਾਫ਼ੇ ਦਾ ਸਾਧਨ ਬਣ ਚੁੱਕਾ, ਇਸੇ ਲਈ ਖੇਤੀ ਖੇਤਰ ਕਾਰਪੋਰੇਟ ਹਵਾਲੇ ਕੀਤਾ ਜਾ ਰਿਹਾ ਤੇ ਕਿਸਾਨਾਂ ਨੂੰ ਬੇਸਹਾਰਾ ਛੱਡਿਆ ਜਾ ਰਿਹਾ | ਕਿਰਤੀ ਕਿਸਾਨ ਯੂਨੀਅਨ ਨੇ ਆਲੂਆਂ ਦੇ ਸਮਰਥਨ ਮੁੱਲ ਲਈ ਸੰਘਰਸ਼ ਵਿੱਢਣ ਦੀ ਤਿਆਰੀ ਕਰ ਲਈ ਹੈ ਤੇ ਇਸੇ ਸੰਦਰਭ ਵਿਚ 26 ਫਰਵਰੀ ਨੂੰ ਡਿਪਟੀ ਕਮਿਸ਼ਨਰ ਮੋਗਾ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ | ਜਸਮੇਲ ਸਿੰਘ ਰਾਜੇਆਣਾ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 10 ਮਾਰਚ ਨੂੰ ਬਰਨਾਲਾ ਵਿਖੇ ਭਾਰਤ-ਅਮਰੀਕਾ ਵਲੋਂ ਫ਼ਰੀ ਟਰੇਡ ਸਮਝੌਤੇ 'ਚ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਸ਼ਾਮਲ ਕਰਨ ਵਿਰੁੱਧ, ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤੇ ਲਈ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ ਜਾਵੇਗੀ | 10 ਮਾਰਚ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ, ਜਿਸ ਵਿਚ ਮੋਗਾ ਜ਼ਿਲੇ੍ਹ ਤੋਂ ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਦਾ ਜਥਾ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗਾ, 10 ਮਾਰਚ ਦੀ ਰੈਲੀ ਦੀ ਸਫਲਤਾ ਲਈ ਪਿੰਡਾਂ ਅਤੇ ਬਲਾਕਾਂ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਗਟ ਸਿੰਘ ਸਾਫ਼ੂਵਾਲਾ, ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖ਼ੁਰਦ, ਜ਼ਿਲ੍ਹਾ ਪੈੱ੍ਰਸ ਸਕੱਤਰ ਜਸਮੇਲ ਸਿੰਘ ਰਾਜੇਆਣਾ, ਵਿੱਤ ਸਕੱਤਰ ਕੁਲਜੀਤ ਸਿੰਘ ਪੰਡੋਰੀ, ਔਰਤ ਵਿੰਗ ਦੇ ਕਨਵੀਨਰ ਛਿੰਦਰਪਾਲ ਕੌਰ ਰੋਡੇ ਖ਼ੁਰਦ, ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਬੇਅੰਤ ਸਿੰਘ ਮੱਲੇਆਣਾ, ਤੀਰਥ ਸਿੰਘ ਘੱਲ ਕਲਾਂ, ਮੋਹਨ ਸਿੰਘ, ਅਵਤਾਰ ਸਿੰਘ ਡਾਲਾ, ਕਿਸਾਨ ਆਗੂ ਹਾਜ਼ਰ ਹੋਏ |