ਬਾਘਾ ਪੁਰਾਣਾ, 24 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)-ਕਿਸੇ ਵੀ ਸ਼ਹਿਰ ਦੇ ਚੰਗੇ ਪ੍ਰਬੰਧ ਦਾ ਪਤਾ ਉੱਥੋਂ ਦੇ ਮੌਜੂਦਾ ਟਰੈਫਿਕ ਸਿਸਟਮ ਅਤੇ ਨਜਾਇਜ਼ ਕਬਜ਼ਿਆਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਬਾਘਾ ਪੁਰਾਣਾ ਸ਼ਹਿਰ ਅੰਦਰ ਬੇਸ਼ੱਕ ਟਰੈਫਿਕ ਪੁਲਿਸ ਕਰਮਚਾਰੀਆਂ ਵਲੋਂ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ ਪਰ ਬਾਘਾ ਪੁਰਾਣਾ ਤੋਂ ਨਿਹਾਲ ਸਿੰਘ ਵਾਲਾ ਨੂੰ ਜਾਂਦੇ ਡਿਫੈਂਸ ਰੋਡ 'ਤੇ ਲੋਕਾਂ ਵਲੋਂ ਕੀਤੇ ਨਜਾਇਜ਼ ਕਬਜ਼ੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਬਾਘਾ ਪੁਰਾਣਾ ਦੇ ਚੰਗੇ ਪ੍ਰਬੰਧਾਂ ਦੀਆਂ ਧੱਜੀਆਂ ਉਡਾ ਰਹੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਵੋਟਾਂ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਬਣਨ 'ਤੇ ਲੋਕਾਂ ਨੂੰ ਸ਼ਹਿਰ ਅੰਦਰ ਨਜਾਇਜ਼ ਕਬਜ਼ਿਆਂ ਅਤੇ ਟਰੈਫਿਕ ਦੀ ਸਮੱਸਿਆ ਤੋਂ ਪੂਰਨ ਰਾਹਤ ਮਿਲੇਗੀ ਪਰ ਸਰਕਾਰ ਤਾਂ ਆਮ ਸਹੂਲਤ ਲਈ ਬਣਨ ਵਾਲੀਆਂ ਗਲੀਆਂ-ਨਾਲੀਆਂ ਦੇ ਝਮੇਲੇ 'ਚੋਂ ਹੀ ਲੋਕਾਂ ਨੂੰ ਬਾਹਰ ਨਹੀਂ ਕੱਢ ਸਕੀ | ਬਾਘਾ ਪੁਰਾਣਾ ਸ਼ਹਿਰ 'ਚ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਨਗਰ ਕੌਂਸਲ ਬਾਘਾ ਪੁਰਾਣਾ ਦਾ ਸਾਰਾ ਜ਼ੋਰ ਸਿਰਫ ਕਾਗਜ਼ਾਂ 'ਚ ਆਪਣੇ ਆਪ ਨੂੰ ਚੰਗਾ ਦਿਖਾਉਣ 'ਚ ਲੱਗਿਆ ਹੋਇਆ ਹੈ ਜਿਸ ਦੀ ਉਦਾਹਰਨ ਸ਼ਹਿਰ 'ਚ ਨਜਾਇਜ਼ ਕਬਜ਼ਿਆਂ ਨੂੰ ਖਤਮ ਕਰਨ ਲਈ ਕਾਗਜ਼ਾਂ 'ਚ ਹੀ ਸ਼ੁਰੂ ਕੀਤੀ ਮੁਹਿੰਮ ਤੋਂ ਮਿਲਦੀ ਹੈ | ਨਗਰ ਕੌਂਸਲ ਬਾਘਾ ਪੁਰਾਣਾ ਦੇ ਮੁਲਾਜ਼ਮ ਸ਼ਹਿਰ 'ਚ ਅਸਥਾਈ ਤੌਰ 'ਤੇ ਖੜ੍ਹੇ ਗਰੀਬ ਰੇਹੜੀਆਂ-ਫੜ੍ਹੀਆਂ ਵਾਲਿਆਂ ਉੱਪਰ ਤਾਂ ਆਪਣਾ ਰੋਹਬ ਅਤੇ ਜ਼ੋਰ ਦਿਖਾਉਂਦੇ ਹਨ ਪਰ ਸ਼ਹਿਰ 'ਚ ਵੱਡੇ ਦੁਕਾਨਦਾਰ ਤੇ ਹੋਰ ਕਾਰੋਬਾਰੀ ਲੋਕ ਜੋ ਕਿ ਵੱਡੇ ਪੱਧਰ 'ਤੇ ਸਰਕਾਰੀ ਜਗ੍ਹਾ ਉੱਪਰ ਸਥਾਈ ਤੌਰ 'ਤੇ ਕਬਜ਼ੇ ਕਰੀ ਬੈਠੇ ਹਨ ਅਤੇ ਸਰਕਾਰੀ ਜਗ੍ਹਾ ਨੂੰ ਆਪਣੀ ਨਿੱਜੀ ਜਗੀਰ ਸਮਝ ਰਹੇ ਹਨ, ਉਨ੍ਹਾਂ ਖਿਲਾਫ ਪ੍ਰਸ਼ਾਸਨ ਵਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ | ਸ਼ਹਿਰ 'ਚ ਇਸ ਗੱਲ ਦੀ ਪੂਰੀ ਚਰਚਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਵੋਟ ਬੈਂਕ ਤਹਿਤ ਨਜਾਇਜ਼ ਕਬਜ਼ਿਆਂ ਵਾਲੇ ਵੱਡੇ ਲੋਕਾਂ ਨੂੰ ਕੁਝ ਨਹੀਂ ਕਿਹਾ ਜਾ ਰਿਹਾ | ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਸਬੰਧੀ ਬੇਸ਼ੱਕ ਹਲਕਾ ਵਿਧਾਇਕ ਬੀਤੇ ਚਾਰ ਸਾਲਾਂ ਤੋਂ ਆਮ ਮੀਟਿੰਗਾਂ 'ਚ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਪ੍ਰਤੀ ਪੂਰੀ ਤਰ੍ਹਾਂ ਵਚਨਬੱਧਤਾ ਦਾ ਨਾਅਰਾ ਲਗਾਉਂਦੇ ਨਜ਼ਰ ਆ ਰਹੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ |