ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)- ਕੋਟਕਪੂਰਾ ਬਾਈਪਾਸ 'ਤੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ, ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕੈਨੇਡਾ ਸ਼ਹਿਰ ਦੇ ਐਮ.ਐਲ.ਏ. ਇੰਜੀਨੀਅਰ ਭਜਨ ਸਿੰਘ ਬਰਾੜ ਨੇ ਆਪਣੇ ਪਰਿਵਾਰ ਸਮੇਤ ਦੌਰਾ ਕੀਤਾ | ਇਸ ਮੌਕੇ ਮੰਦਰ ਲਾਲ ਦੁਆਰਾ ਦੇ ਚੇਅਰਮੈਨ ਰਾਜਿੰਦਰ ਵਧਵਾ, ਇੰਜੀਨੀਅਰ ਸਵਰਨਜੀਤ ਸਿੰਘ ਸਾਬਕਾ ਪਿ੍ੰਸੀਪਲ ਦੇਸ਼ ਭਗਤ ਕਾਲਜ ਮੋਗਾ, ਕੁਲਦੀਪ ਸਿੰਘ ਸਹਿਗਲ ਪ੍ਰੈਜ਼ੀਡੈਂਟ ਕੈਂਬਰਿਜ ਇੰਟਰਨੈਸ਼ਨਲ ਸਕੂਲ, ਪਰਮਜੀਤ ਕੌਰ ਜਨਰਲ ਸਕੱਤਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਹਾਜ਼ਰ ਸਨ | ਸਾਰੇ ਆਏ ਹੋਏ ਮਹਿਮਾਨਾਂ ਨੂੰ ਸ਼ਾਲ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੈਨੇਡਾ ਦੇ ਰਾਜੀਨਾ ਤੋਂ ਵਿਧਾਇਕ ਭਜਨ ਸਿੰਘ ਬਰਾੜ ਦਾ ਮੋਗਾ ਨਾਲ ਡੂੰਘਾ ਸਬੰਧ ਹੈ | ਵਿਧਾਇਕ ਭਜਨ ਸਿੰਘ ਬਰਾੜ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਕਾਰਨ ਅੱਜ ਕੈਂਬਰਿਜ ਇੰਟਰਨੈਸ਼ਨਲ ਦੁਆਰਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਕੈਨੇਡਾ ਤੋਂ ਵਿਧਾਇਕ ਭਜਨ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਵਲੋਂ ਦਿੱਤੇ ਗਏ ਸਨਮਾਨ ਨੂੰ ਕਦੇ ਨਹੀਂ ਭੁੱਲਣਗੇ ਅਤੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਰਹਿਣਗੇ | ਉਨ੍ਹਾਂ ਕਿਹਾ ਕਿ ਮੋਗਾ ਦੀ ਪਵਿੱਤਰ ਧਰਤੀ 'ਤੇ ਆਉਣਾ ਅਤੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸਮਾਜ ਸੇਵਾ ਪ੍ਰੋਜੈਕਟਾਂ ਵਿਚ ਸ਼ਾਮਿਲ ਲੋਕਾਂ ਨੂੰ ਮਿਲਣ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ |