ਸਮਾਧ ਭਾਈ, 9 ਮਾਰਚ (ਜਗਰੂਪ ਸਿੰਘ ਸਰੋਆ)-ਵੈਸੇ ਤਾਂ ਇਨਸਾਨ ਨੇ ਆਪਣੇ ਅਗਲੇ ਤੇ ਪਿਛਲੇ ਜਨਮ ਬਾਰੇ ਕਦੇ ਮੁੜ ਆ ਕੇ ਨਹੀਂ ਦੱਸਿਆ ਪਰ ਸਮਾਜ ਵਿਚ ਕੁਝ ਅਜਿਹੀਆਂ ਪ੍ਰੰਪਰਾਵਾਂ ਸਥਾਪਿਤ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਬਦਲਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਪਰ ਪਿੰਡ ਘੋਲੀਆ ਖ਼ੁਰਦ ਦੇ ਅਮਰੀਕਾ ਵਿਖੇ ਆਪਣੇ ਕਾਰੋਬਾਰ ਰਾਹੀਂ ਨਾਮਣਾ ਖੱਟਣ ਵਾਲੇ ਨੌਜਵਾਨ ਹਰਮੰਦਰ ਸਿੰਘ ਗਿੱਲ ਨੇ ਆਪਣੇ ਸਤਿਕਾਰਯੋਗ ਸਮਾਜ ਸੇਵੀ ਪਿਤਾ ਹਰਚੰਦ ਸਿੰਘ ਗਿੱਲ ਜੋ ਕਿ ਦਸੰਬਰ ਮਹੀਨੇ ਅਮਰੀਕਾ ਵਿਖੇ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਿਕ ਜੱਦੀ ਪਿੰਡ ਲਿਆ ਕੇ ਆਪਣੇ ਖੇਤਾਂ ਵਿਚ ਪਾ ਕੇ ਉਸ ਉੱਪਰ ਬੂਟੇ ਲਗਾਏ | ਇਸ ਸਮੇਂ ਗੁਰਦੁਆਰਾ ਸ਼ਹੀਦਾਂ ਦੇ ਸੇਵਾਦਾਰ ਬਾਬਾ ਬਲਕਾਰ ਸਿੰਘ ਨੇ ਅਰਦਾਸ ਕੀਤੀ | ਇਨ੍ਹਾਂ ਭਾਵੁਕ ਪਲਾਂ ਨੂੰ ਬਿਆਨ ਕਰਦਿਆਂ ਨੌਜਵਾਨ ਹਰਮੰਦਰ ਸਿੰਘ ਗਿੱਲ ਨੇ ਕਿਹਾ ਕਿ ਮੇਰੇ ਪਿਤਾ ਜੀ ਨੂੰ ਬਾਗ਼ਬਾਨੀ ਦਾ ਬਹੁਤ ਸ਼ੌਕ ਸੀ ਅਤੇ ਹੁਣ ਉਹ ਸਾਨੂੰ ਕੁਦਰਤ ਦੀ ਨਿਆਮਤ ਇਨ੍ਹਾਂ ਦਰੱਖਤਾਂ ਵਿੱਚ ਹਮੇਸ਼ਾ ਨਜ਼ਰ ਆਉਂਦੇ ਰਹਿਣਗੇ | ਇਸ ਮੌਕੇ ਸਵ: ਹਰਚੰਦ ਸਿੰਘ ਗਿੱਲ ਦੇ ਧਰਮ ਪਤਨੀ ਹਰਜਿੰਦਰ ਕੌਰ, ਪੰਚ ਪਰਵਿੰਦਰ ਸਿੰਘ ਗਿੱਲ, ਤੇਜਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਗਰੇਵਾਲ, ਤਰਸੇਮ ਸਿੰਘ, ਜਗਦੀਸ਼ ਸਿੰਘ ਦੀਸਾ, ਬਲਵੀਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਤੇਜਾ ਸਿੰਘ, ਜੋਬਨਪ੍ਰੀਤ ਸਿੰਘ ਗਿੱਲ, ਗੁਰਮਨ ਸਿੰਘ ਗਿੱਲ, ਜਸਮਨ ਸਿੰਘ ਗਿੱਲ, ਅਰਸ਼ਪ੍ਰੀਤ ਸਿੰਘ ਗਿੱਲ, ਕੁਲਵੰਤ ਕੌਰ, ਮਨਪ੍ਰੀਤ ਕੌਰ ਗਿੱਲ, ਰਣਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਪਰਮਿੰਦਰਪਾਲ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ |