ਅਕਾਲੀ ਦਲ ਵਾਰਿਸ ਪੰਜਾਬ ਨੇ ਰਛਪਾਲ ਸਿੰਘ ਸੋਸਣ ਨੂੰ ਐਲਾਨਿਆ ਹਲਕਾ ਇੰਚਾਰਜ
ਅਜੀਤ ਡੈਸਕ
10-03-2026
ਮੋਗਾ, 9 ਮਾਰਚ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁਕਾਬਲੇ ਪਹਿਲ ਕਦਮੀ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਉਮੀਦਵਾਰ ਵੱਖ-ਵੱਖ ਹਲਕਿਆਂ ਤੋਂ ਮੈਦਾਨ 'ਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ | ਪਾਰਟੀ ਵਲੋਂ ਹਾਲ ਹੀ ਵਿਚ ਜਾਰੀ ਕੀਤੀ ਗਈ ਤਾਜ਼ਾ ਸੂਚੀ ਵਿਚ ਨੌਜਵਾਨ ਆਗੂ ਰਛਪਾਲ ਸਿੰਘ ਸੋਸਣ ਨੂੰ ਹਲਕਾ ਮੋਗਾ ਤੋਂ ਇੰਚਾਰਜ ਲਾਇਆ ਗਿਆ ਹੈ | ਭਾਵੇਂ ਵੱਖ-ਵੱਖ ਹਲਕਿਆਂ 'ਚ ਪਾਰਟੀ ਵਲੋਂ ਨਾਮਜ਼ਦ ਕੀਤੇ ਗਏ ਆਗੂਆਂ ਨੂੰ ਹਲਕਾ ਇੰਚਾਰਜ ਦਾ ਨਾਂਅ ਦਿੱਤਾ ਗਿਆ ਹੈ, ਪਰ ਅਸਲ ਵਿਚ ਇਸ ਨੂੰ ਵਿਧਾਨ ਸਭਾ ਦੀ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਉਮੀਦਵਾਰਾਂ ਵਜੋਂ ਹੀ ਐਲਾਨਿਆ ਗਿਆ ਹੈ | ਵਿਧਾਨ ਸਭਾ ਹਲਕਾ ਮੋਗਾ ਲਈ ਜਿਵੇਂ ਹੀ ਅਗਾਂਹਵਧੂ ਆਗੂ ਰਛਪਾਲ ਸਿੰਘ ਸੋਸਣ ਦਾ ਨਾਂਅ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਵਜੋਂ ਸਾਹਮਣੇ ਆਇਆ ਤਾਂ ਨੌਜਵਾਨ ਵਰਗ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹਲਕੇ ਦੇ ਪਿੰਡਾਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਆਮ ਲੋਕਾਂ ਵਲੋਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ |