ਕੋਟ ਈਸੇ ਖਾਂ, 12 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਪਿਛਲੇ ਸਾਲਾਂ 'ਚ ਜਦੋਂ ਵੀ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਬਣੀਆਂ ਸਨ ਤਾਂ ਉਦੋਂ ਹੀ ਸੂਬੇ ਅੰਦਰ ਹਰ ਖੇਤਰ ਵਿਚ ਸਰਬਪੱਖੀ ਵਿਕਾਸ ਤੇ ਭਲਾਈ ਯੋਜਨਾਵਾਂ ਦਾ ਲਾਭ ਮਿਲਿਆ ਪਰ ਅਕਾਲੀ ਦਲ ਦੀ ਲੋਕਪਿ੍ਅਤਾ ਤੋਂ ਘਬਰਾਏ ਵਿਰੋਧੀਆਂ ਨੇ ਜੋ ਚਾਲਾਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਚੱਲੀਆਂ ਤੇ ਵਿਰੋਧੀ ਆਪਣੀਆਂ ਸਰਕਾਰਾਂ ਬਣਾਉਣ ਵਿਚ ਕਾਮਯਾਬ ਹੋਏ ਤਾਂ ਨਤੀਜਾ ਇਹ ਨਿਕਲਿਆ ਕਿ ਸੂਬੇ ਅੰਦਰ ਅਸਲ ਵਿਕਾਸ ਕਾਰਜ ਤੇ ਲੋਕਾਂ ਦੀਆਂ ਅਸਲ ਲੋੜਾਂ ਅਸਲ ਭਾਵਨਾਵਾਂ ਦਰਕਿਨਾਰ ਹੋਣ ਲੱਗੀਆਂ ਤੇ ਅੱਜ ਜੋ ਹਾਲਾਤ ਸੂਬੇ ਦੇ ਬਣੇ, ਉਸ ਤੋਂ ਆਮ ਲੋਕ ਬੇਹੱਦ ਨਿਰਾਸ਼ਾ ਦੇ ਆਲਮ ਵਿਚ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਸਵੀਰ ਸਿੰਘ ਸੀਰਾ ਖੋਸਾ ਨੇ ਆਪਣੇ ਸਾਥੀਆਂ ਨਾਲ ਰੱਖੀ ਵਿਸ਼ੇਸ਼ ਬੈਠਕ ਦੌਰਾਨ ਕਿਹਾ ਕਿ ਕਾਂਗਰਸ ਹੋਵੇ ਜਾਂ ਆਮ ਆਦਮੀ ਪਾਰਟੀ, ਇਨ੍ਹਾਂ ਨੇ ਲੋਕਾਂ ਨੂੰ ਜਿੰਨਾ ਗੁਮਰਾਹ ਕਰਨਾ ਸੀ, ਉਹ ਕਰ ਲਿਆ, ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ 'ਚ ਹੁਣ ਸਭ ਤੋਂ ਵੱਧ ਲੋਕਪਿ੍ਅਤਾ ਵਾਲੇ ਆਗੂ ਬਣ ਚੁੱਕੇ ਹਨ ਤੇ ਲੋਕ ਅਕਾਲੀ ਸਰਕਾਰਾਂ ਸਮੇਂ ਹੋਏ ਸੂਬਾ ਪੱਖੀ ਕਾਰਜਾਂ ਨੂੰ ਦੇਖਦੇ ਹੋਏ ਵੱਡੀ ਗਿਣਤੀ ਵਿਚ ਅਕਾਲੀ ਦਲ ਨਾਲ ਮੁੜ ਜੁੜ ਰਹੇ ਹਨ | ਇਸ ਮੌਕੇ ਅਕਾਲੀ ਆਗੂ ਪ੍ਰਮਾਤਮਾ ਸਿੰਘ ਖੋਸਾ, ਜਗਰਾਜ ਸਿੰਘ ਸੋਢੀ ਆਦਿ ਹਾਜ਼ਰ ਸਨ |