ਠੱਠੀ ਭਾਈ, 27 ਮਾਰਚ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਦੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਨੇ ਸਮੈਸਟਰ ਪ੍ਰੀਖਿਆਵਾਂ 'ਚ ਸ਼ਾਨਦਾਰ ਨਤੀਜੇ ਦਿੱਤੇ ਹਨ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਹਾਲ ਹੀ 'ਚ ਐਲਾਨੇ ਨਤੀਜਿਆਂ ਅਨੁਸਾਰ ਬੀ.ਐਸ.ਸੀ. ਫ਼ੈਸ਼ਨ ਡਿਜ਼ਾਇਨਿੰਗ ਸਮੈਸਟਰ ਤੀਜਾ ਦੀ ਅਰਮਾਨਦੀਪ ਕੌਰ ਨੇ 92.1 ਫ਼ੀਸਦੀ ਅੰਕਾਂ ਨਾਲ ਕਾਲਜ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸੇ ਜਮਾਤ ਦੀ ਮਨਪ੍ਰੀਤ ਕੌਰ ਨੇ 90.4 ਫ਼ੀਸਦੀ ਤੇ ਸਿਮਰਨਦੀਪ ਕੌਰ ਨੇ 89.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਕਾਲਜ ਪਿ੍ੰਸੀਪਲ ਡਾ. ਸੋਨੀਆ ਜਿੰਦਲ ਨੇ ਜਾਣਕਾਰੀ ਵਿਚ ਵਾਧਾ ਕਰਦੇ ਕਿਹਾ ਕਿ ਇਸ ਵਿਭਾਗ ਦੀਆਂ ਵਿਦਿਆਰਥਣਾਂ ਮਲਟੀਨੈਸ਼ਨਲ ਕੰਪਨੀਆਂ, ਕਾਲਜਾਂ ਤੇ ਸਕੂਲਾਂ ਵਿਚ ਸਫਲਤਾ ਪੂਰਵਕ ਕਾਰਜ ਕਰ ਰਹੀਆਂ ਹਨ ਤੇ ਕਈ ਵਿਦਿਆਰਥਣਾਂ ਆਪਣੇ ਖ਼ੁਦ ਦੇ ਬੁਟੀਕ ਚਲਾ ਕੇ ਹੋਰ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਕਾਲਜ ਵਲੋਂ ਇਨ੍ਹਾਂ ਵਿਦਿਆਰਥਣਾਂ ਨੂੰ ਵੱਧ ਤੋਂ ਵੱਧ ਇੰਟਰਨਸ਼ਿਪ ਗ੍ਰਹਿਣ ਕਰਨ ਤੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ | ਇਨ੍ਹਾਂ ਪ੍ਰਾਪਤੀਆਂ ਲਈ ਸੰਸਥਾ ਦੇ ਪ੍ਰਬੰਧਕਾਂ ਨੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਲ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਮੁਖੀ ਜੋਤਪਲ ਕੌਰ, ਸਹਾਇਕ ਪ੍ਰੋਫੈਸਰ ਕਮਲਜੀਤ ਕੌਰ ਤੇ ਪ੍ਰਭਜੀਤ ਕੌਰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ |