ਧਰਮਕੋਟ, 2 ਅਪ੍ਰੈਲ (ਪਰਮਜੀਤ ਸਿੰਘ)-ਪੀਰ ਬਾਬਾ ਰੰਗੇ ਸ਼ਾਹ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਚੁੱਘਾ ਕਲਾਂ ਵਿਚ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ | ਬਾਬਾ ਜੀ ਦੀ ਮਜ਼ਾਰ 'ਤੇ ਚਾਦਰ ਤੇ ਝੰਡਾ ਝੜਾਉਣ ਦੀ ਰਸਮ ਸਮੂਹ ਮੇਲਾ ਕਮੇਟੀ ਨੇ ਸਾਂਝੇ ਤੌਰ 'ਤੇ ਅਦਾ ਕੀਤੀ | ਮੇਲੇ ਦਾ ਰਸਮੀ ਉਦਘਾਟਨ ਬਾਬਾ ਭੋਲਾ ਭਗਤ ਨੇ ਰੀਬਨ ਕੱਟ ਕੇ ਕੀਤਾ | ਸਮਾਗਮ ਦੌਰਾਨ ਬਾਬਾ ਭੋਲਾ ਭਗਤ ਨੇ ਕਿਹਾ ਕਿ ਸਾਨੂੰ ਪੀਰਾਂ ਫ਼ਕੀਰਾਂ ਦੀ ਯਾਦ ਵਿਚ ਹੋਣ ਵਾਲੇ ਸੱਭਿਆਚਾਰਕ ਮੇਲੇ ਸਾਡੀ ਭਾਈਚਾਰਕ ਸਾਂਝ ਵਿਚ ਵਾਧਾ ਕਰਦੇ ਹਨ ਤੇ ਸਾਨੂੰ ਅਜਿਹੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਮੇਲੇ ਦੀ ਸ਼ੁਰੂਆਤ ਗਾਇਕ ਸੁਖਚੈਨ ਸੱਤਾ, ਗੋਲਡੀ ਧਾਲੀਵਾਲ, ਵਿੱਕੀ ਮਾਨ ਨੇ ਪੀਰਾਂ ਦੀ ਉਸਤਤ ਗਾ ਕੇ ਕੀਤੀ | ਫਿਰ ਵਾਰੀ ਆਈ ਦੋਗਾਣਾ ਜੋੜੀ ਗਿੱਲ ਕਮਲ ਤੇ ਨੀਲਮ ਭਿੰਡਰ ਦੀ ਜਿਸ ਨੇ ਆਪਣੇ ਸੱਭਿਆਚਾਰਕ ਗੀਤ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ | ਉਪਰੰਤ ਪੰਜਾਬ ਦੀ ਪ੍ਰਸਿੱਧ ਗਾਇਕਾ ਮਿਸ ਸੁਰਮਨੀ ਨੇ ਆਪਣੇ ਸੁਪਰਹਿੱਟ ਗੀਤ ਪੇਸ਼ ਕਰਕੇ ਸਾਰਾ ਮੇਲਾ ਹੀ ਆਪਣੇ ਨਾਂਅ ਕਰਵਾ ਲਿਆ | ਮੇਲੇ ਦੌਰਾਨ ਪੰਜਾਬੀ ਗਾਇਕੀ ਨੂੰ ਸਰੋਤਿਆਂ ਨੇ ਸਾਹ ਰੋਕ ਕੇ ਸੁਣਿਆ ਤੇ ਗਾਇਕ ਕਲਾਕਾਰਾਂ ਦੀ ਤਾੜੀਆਂ ਮਾਰ ਕੇ ਹੌਸਲਾ ਅਫਜਾਈ ਕੀਤੀ | ਮੇਲੇ ਦੇ ਅੰਤ ਸਮੇਂ ਸਮੂਹ ਕਮੇਟੀ ਮੈਂਬਰਾਂ ਤੇ ਬਾਬਾ ਭੋਲਾ ਭਗਤ ਨੇ ਗਾਇਕ ਕਲਾਕਾਰਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ |