ਠੱਠੀ ਭਾਈ, 3 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਇਲਾਕੇ ਵਿਚ ਕੇਵਲ ਚੋਰਾਂ ਦਾ ਆਤੰਕ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਅਤੇ ਚੋਰ ਪੁਲਿਸ ਤੇ ਕਾਨੂੰਨ ਤੋਂ ਬਿਲਕੁਲ ਬੇਖ਼ੌਫ ਹੋ ਕੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | 29 ਮਾਰਚ ਨੂੰ ਚੋਰਾਂ ਵਲੋਂ ਮਚਾਏ ਤਹਿਲਕੇ ਦੀ ਖ਼ਬਰ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕੇ ਚਾਰ ਕੁ ਦਿਨਾਂ ਤੋਂ ਬਾਅਦ ਵੀ ਨਾ ਤਾਂ ਚੋਰਾਂ ਦੇ ਹੌਸਲੇ ਡਗਮਗਾਏ ਅਤੇ ਨਾ ਹੀ ਉਨ੍ਹਾਂ ਵਿਚ ਕਾਨੂੰਨ ਦਾ ਕੋਈ ਡਰ ਨਜ਼ਰ ਆ ਰਿਹਾ ਹੈ | ਤਾਜ਼ਾ ਘਟਨਾ ਵਿਚ ਚੋਰਾਂ ਨੇ ਕੇਵਲ ਚਾਰ ਦਿਨਾਂ ਬਾਅਦ ਹੀ ਦੁਬਾਰਾ ਪਿੰਡ ਸੇਖਾ ਕਲਾਂ ਦੇ ਦਰਜਨਾਂ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ 18 ਤੋਂ 20 ਮੋਟਰਾਂ ਦੀਆਂ ਤਾਰਾਂ ਵੱਢ ਕੇ ਲੈ ਗਏ | ਇਹ ਘਟਨਾ ਸਾਫ਼ ਦਰਸਾਉਂਦੀ ਹੈ ਕਿ ਚੋਰ ਹੁਣ ਨਿਡਰ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਦੀ ਕਾਰਵਾਈ ਦਾ ਕੋਈ ਭੈ ਨਹੀਂ ਰਿਹਾ | ਪੀੜਤ ਕਿਸਾਨਾਂ ਵਿਚ ਗੁਰਜੀਤ ਸਿੰਘ, ਪਰਮਿੰਦਰ ਸਿੰਘ ਨੰਬਰਦਾਰ, ਰਾਜਵਿੰਦਰ ਸਿੰਘ ਰਾਜਾ, ਗੁਰਵਿੰਦਰ ਸਿੰਘ, ਗੁਰਵੀਰ ਸਿੰਘ, ਗੁਰਪ੍ਰੀਤ ਸਿੰਘ, ਹਰਗੋਬਿੰਦਰ ਸਿੰਘ, ਹਿੰਮਤ ਸਿੰਘ, ਰੇਸ਼ਮ ਸਿੰਘ, ਰਣਦੀਪ ਸਿੰਘ ਅਤੇ ਹੋਰ ਸ਼ਾਮਲ ਹਨ | ਕਿਸਾਨਾਂ ਨੇ ਦੱਸਿਆ ਕਿ ਮੋਟਰਾਂ ਦੀਆਂ ਤਾਰਾਂ ਕੱਟਣ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ | ਕਿਸਾਨਾਂ ਨਾਲ ਵਾਪਰ ਰਹੀਆਂ ਇਹ ਘਟਨਾਵਾਂ ਕਾਰਨ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਚੋਰ ਹੁਣ ਕਾਨੂੰਨ ਨੂੰ ਠੇਂਗਾ ਦਿਖਾ ਕੇ ਬੇਧੜਕ ਘੁੰਮ ਰਹੇ ਹਨ ਅਤੇ ਰਾਤ ਦੇ ਹਨੇਰੇ ਵਿਚ ਖੁੱਲ੍ਹੇਆਮ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਉਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੂੰ ਨਾ ਗਿ੍ਫ਼ਤਾਰੀ ਦਾ ਡਰ ਹੈ ਤੇ ਨਾ ਹੀ ਕਿਸੇ ਸਜ਼ਾ ਦੀ ਪਰਵਾਹ | ਕਿਸਾਨਾਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਹੀ ਚੋਰੀਆਂ ਜਾਰੀ ਰਹੀਆਂ ਤਾਂ ਉਨ੍ਹਾਂ ਲਈ ਖੇਤੀਬਾੜੀ ਕਰਨਾ ਮੁਸ਼ਕਿਲ ਹੋ ਜਾਵੇਗਾ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ | ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਸਮੇਂ ਸਖ਼ਤ ਗਸ਼ਤ ਕੀਤੀ ਜਾਵੇ, ਨਾਕੇ ਲਗਾਏ ਜਾਣ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ |