ਮੋਗਾ, 6 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਸਾਂਝੇ ਫ਼ਰੰਟ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ ਪੰਜਾਬ, ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਪਹਿਲਵਾਨ ਨਾਲ ਸਬੰਧਿਤ ਆਗੂਆਂ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੋਸ਼ਲ ਮੀਡੀਆ 'ਚ ਬਿਜਲੀ ਮੁਲਾਜ਼ਮਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਜਥੇਬੰਦੀਆਂ ਦੇ ਸਟੇਟ ਆਗੂ ਸਰਬਜੀਤ ਸਿੰਘ ਭਾਣਾ, ਸਟੇਟ ਆਗੂ ਦਰਸ਼ਨ ਲਾਲ ਮੋਗਾ, ਸਟੇਟ ਆਗੂ ਗੁਰਮੇਲ ਸਿੰਘ ਨਾਹਰ ਪੈਨਸ਼ਨ ਯੂਨੀਅਨ ਏਟਕ, ਅਮਰੀਕ ਸਿੰਘ ਨੂਰਪੁਰ ਏਟਕ ਆਗੂ, ਗੁਰਸੇਵਕ ਸਿੰਘ ਸਟੇਟ ਆਗੂ, ਨਿਰਮਲ ਸਿੰਘ ਮਾਹਲਾ, ਜਸਬੀਰ ਸਿੰਘ ਆਲਮ ਵਾਲਾ ਨੇ ਕਿਹਾ ਕਿ ਪੰਜਾਬ ਦਾ ਬਿਜਲੀ ਢਾਂਚਾ ਖੜ੍ਹਾ ਕਰਦਿਆਂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਂਦਿਆਂ ਸੈਂਕੜੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਹਨ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ | ਆਗੂਆਂ ਨੇ ਪਾਵਰਕਾਮ, ਟਰਾਂਸਕੋ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ 'ਤੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਜਾਣ ਬੁਝ ਕੇ ਲਮਕਾ ਅਵਸਥਾ ਵਿਚ ਰੱਖਣ ਦੇ ਦੋਸ਼ ਲਾਉਂਦਿਆਂ ਰੋਸ ਵਜੋਂ 10 ਅਪ੍ਰੈਲ ਨੂੰ ਮੁੱਖ ਦਫ਼ਤਰ ਪਟਿਆਲਾ ਅੱਗੇ ਰੋਸ ਧਰਨਾ ਲਗਾ ਕੇ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਪਿੱਟ ਸਿਆਪਾ ਕਰਨ ਲਈ ਬਿਜਲੀ ਕਾਮਿਆਂ ਨੂੰ ਵਹੀਰਾਂ ਘੱਤ ਕੇ ਪਟਿਆਲਾ ਪਹੁੰਚਣ ਦਾ ਸੱਦਾ ਦਿੱਤਾ ਗਿਆ | ਕਨਵੈਨਸ਼ਨ ਵਿਚ ਸਰਕਲ ਫ਼ਰੀਦਕੋਟ ਫੈਡਰੇਸ਼ਨ ਦੇ ਪ੍ਰਧਾਨ ਪਲਵਿੰਦਰ ਸਿੰਘ ਸਿੱਧੂ, ਕੁਲਵੰਤ ਸਿੰਘ ਧੱਲੇਕੇ ਪ੍ਰਧਾਨ ਟੀ.ਐਸ.ਯੂ., ਇਕਬਾਲ ਸਿੰਘ, ਮਨਜੋਤ ਸਿੰਘ ਬਰਾੜ, ਗੋਪਾਲ ਸਿੰਘ, ਗੁਰਮੀਤ ਸਿੰਘ ਬਿੱਟੂ, ਗੁਰਪ੍ਰੀਤ ਸ਼ਰਮਾ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਪਾਲ ਸਿੰਘ ਆਦਿ ਬੁਲਾਰਿਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਨਿਰਮਲ ਸਿੰਘ ਮਾਹਲਾ ਵਲੋਂ ਨਿਭਾਈ ਗਈ |