ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਜਾਣਕਾਰੀ ਦਿੱਤੀ ਕਿ ਅੱਜ ਸੂਬਾ ਕਨਵੀਨਰ ਲਖਬੀਰ ਸਿੰਘ ਲੱਖਾ ਦੀ ਪ੍ਰਧਾਨਗੀ ਹੇਠ ਫੂਲੇਵਾਲਾ ਪਿੰਡ ਦੇ ਮਜ਼ਦੂਰਾਂ ਨਾਲ ਮੀਟਿੰਗ ਕੀਤੀ ਗਈ | ਸੂਬਾ ਕਨਵੀਨਰ ਲਖਵੀਰ ਸਿੰਘ ਲੱਖਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਜਥੇਬੰਦੀ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਲਈ ਸੰਘਰਸ਼ ਕਰਦੀ ਹੈ | ਨਰੇਗਾ ਮਜ਼ਦੂਰਾਂ ਲਈ ਜੋ ਨਰੇਗਾ ਕਾਨੂੰਨ ਬਣਿਆ ਸੀ, ਮੋਦੀ ਸਰਕਾਰ ਨੇ ਉਸ ਦਾ ਨਾਂਅ ਹੀ ਨਹੀਂ ਬਦਲਿਆ, ਸਗੋਂ ਸੂਬਾ ਸਰਕਾਰਾਂ ਦਾ ਬਜਟ ਦੇ ਵਿਚ ਹਿੱਸਾ ਪਹਿਲਾਂ ਨਾਲੋਂ ਵਧਾ ਦਿੱਤਾ | ਇਸ ਕਰ ਕੇ ਪਹਿਲਾਂ ਹੀ ਆਰਥਿਕ ਸੰਕਟ ਵਿਚ ਡੁੱਬੇ ਸੂਬੇ ਕੇਂਦਰ ਸਰਕਾਰ ਦੀ ਇਹ ਮੰਗ ਪੂਰੀ ਨਹੀਂ ਕਰਨਗੇ ਅਤੇ ਨਰੇਗਾ ਕਾਨੂੰਨ ਦੀ ਥਾਂ ਬਣਿਆ ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ ਠੁੱਸ ਹੋ ਜਾਵੇਗਾ | ਸਾਡੀ ਮੰਗ ਸੀ ਕਿ ਨਰੇਗਾ ਕਾਨੂੰਨ 'ਚ 100 ਦਿਨ ਦੀ ਥਾਂ 200 ਦਿਨ ਕੰਮ ਦਿੱਤਾ ਜਾਵੇ ਅਤੇ ਦਿਹਾੜੀ ਵਧਾਅ ਕੇ 700 ਕੀਤੀ ਜਾਵੇ ਪਰ ਮੋਦੀ ਸਰਕਾਰ ਸਾਡੇ ਰੁਜ਼ਗਾਰ 'ਤੇ ਲੱਤ ਮਾਰਨ ਜਾ ਰਹੀ ਹੈ | ਲੋੜਵੰਦ ਮਜ਼ਦੂਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਮਕਾਨ ਬਣਾਉਣ ਲਈ 5 ਲੱਖ ਰੁਪਏ ਦੇਣ ਦੀ ਅਸੀਂ ਮੰਗ ਕਰ ਰਹੇ ਹਾਂ | ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਘੱਟ ਰੇਟ 'ਤੇ ਮਜ਼ਦੂਰਾਂ ਨੂੰ ਖੇਤੀ ਲਈ ਲੈਣ ਲਈ ਅਸੀਂ ਆਵਾਜ਼ ਉਠਾ ਰਹੇ ਹਾਂ | ਬੇਰੁਜ਼ਗਾਰਾਂ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤੇ ਦੀ ਅਸੀਂ ਮੰਗ ਕਰ ਰਹੇ ਹਾਂ | ਉਪਰੋਕਤ ਮੰਗਾਂ ਲਈ ਆਪਾਂ ਸੰਘਰਸ਼ ਕਰਨਾ ਹੈ | ਅਸੀਂ ਮੰਗਾਂ ਬਣਾਉਣੀਆਂ ਹਨ, ਸਰਕਾਰ 'ਤੇ ਦਬਾਅ ਪਾਉਣ ਲਈ ਜਥੇਬੰਦਕ ਤਾਣੇ ਬਾਣੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ | ਇਸ ਲਈ ਹੋਰ ਉਨ੍ਹਾਂ ਪਿੰਡਾਂ ਵਿਚ ਵੀ ਇਕਾਈਆਂ ਬਣਾਉਣ ਲਈ ਜ਼ੋਰ ਲਾਇਆ ਜਾਵੇ | ਅਖੀਰ ਪਿੰਡ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਮੱਖਣ ਸਿੰਘ ਪ੍ਰਧਾਨ, ਭਿੰਦਰ ਸਿੰਘ ਮੀਤ ਪ੍ਰਧਾਨ, ਨਿਰਮਲ ਸਿੰਘ ਖ਼ਜ਼ਾਨਚੀ, ਇਕੱਤਰ ਸਿੰਘ ਸਕੱਤਰ, ਹਰਬੰਸ ਸਿੰਘ ਪ੍ਰੈੱਸ ਸਕੱਤਰ ਅਤੇ ਚੰਦ ਸਿੰਘ ਕਮੇਟੀ ਮੈਂਬਰ ਚੁਣੇ ਗਏ | ਨਵੀਂ ਚੁਣੀ ਕਮੇਟੀ ਨੇ ਭਰੋਸਾ ਦਿਵਾਇਆ ਕਿ ਉਹ ਮਜ਼ਦੂਰ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਵੇਗੀ |