ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅਧੀਨ ਚੱਲਦੀਆਂ ਮੋਗਾ ਸ਼ਹਿਰ ਦੀਆਂ ਪੰਜ ਸਿਰਮੌਰ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਲਈ ਸਿਵਲ ਸੁਸਾਇਟੀ ਮੋਗਾ ਵਲੋਂ ਵਿੱਢੇ ਗਏ ਸੰਘਰਸ਼ ਦੀ ਕੜੀ ਵਜੋਂ ਅੱਜ ਸਿਵਲ ਸੁਸਾਇਟੀ ਮੈਂਬਰਾਂ ਨੇ ਮੋਗਾ ਦੇ ਮੇਨ ਬਾਜ਼ਾਰ ਅਤੇ ਵੱਖ-ਵੱਖ ਚੌਕਾਂ ਵਿਚ ਖੜ੍ਹ ਕੇ ਲੋਕਾਂ ਨੂੰ ਸਿੱਖਿਆ ਸੰਸਥਾਵਾਂ ਬਚਾਉਣ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ ਅਤੇ ਜਾਗਰੂਕਤਾ ਪੈਂਫ਼ਲਿਟ ਵੰਡੇ | ਜਾਣਕਾਰੀ ਦਿੰਦਿਆਂ ਐਡਵਾਈਜ਼ਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ ਅਤੇ ਬਲਵਿੰਦਰ ਸਿੰਘ ਰੋਡੇ ਨੇ ਦੱਸਿਆ ਕਿ ਆਰੀਆ ਪ੍ਰਤੀਨਿਧੀ ਸਭਾ ਦੇ ਦੋ ਧੜਿਆਂ ਸਮੇਤ ਤਿੰਨ ਧੜਿਆਂ ਵਲੋਂ ਇਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਜੰਗ ਦਾ ਮੈਦਾਨ ਬਣਾ ਕੇ ਪੁਲਿਸ ਦੀ ਮਦਦ ਨਾਲ ਕਬਜ਼ੇ ਕੀਤੇ ਜਾ ਰਹੇ ਹਨ | ਇਨ੍ਹਾਂ ਧਿਰਾਂ ਵਲੋਂ ਕੀਤੀ ਗਈ ਅਦਾਲਤੀ ਚਾਰਾਜੋਈ ਕਾਰਨ ਬਹੁਤ ਸਾਰੇ ਮਾਮਲੇ ਕੋਰਟ ਵਿਚ ਲੰਬਿਤ ਹਨ ਅਤੇ ਇਨ੍ਹਾਂ ਸੰਸਥਾਵਾਂ ਦੇ ਬੈਂਕ ਖਾਤੇ ਫਰੀਜ ਹਨ, ਜਿਸ ਕਾਰਨ ਸੰਸਥਾਵਾਂ ਦਾ ਵਾਧਾ ਵਿਕਾਸ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਹੈ ਤੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ | ਅਜਿਹਾ ਮਾਹੌਲ ਦੇਖ ਵਿਦਿਆਰਥੀਆਂ ਦੇ ਮਨਾਂ 'ਤੇ ਮਾੜੇ ਪ੍ਰਭਾਵ ਪੈ ਰਹੇ ਹਨ | ਇਸ ਲਈ ਸਿਵਲ ਸੁਸਾਇਟੀ ਮੋਗਾ ਨੇ ਉਕਤ ਤਿੰਨਾਂ ਧਿਰਾਂ ਨੂੰ ਇਕ ਮਹੀਨੇ ਦੇ ਸਮੇਂ ਅੰਦਰ ਮਿਲ ਬੈਠ ਕੇ ਆਪਣੇ ਝਗੜੇ ਨਿਬੇੜਨ ਅਤੇ ਅਦਾਲਤੀ ਕੇਸ ਵਾਪਸ ਲੈਣ ਦੀ ਅਪੀਲ ਕੀਤੀ | ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਆਮ ਲੋਕਾਂ ਦੀ ਮਦਦ ਨਾਲ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਵਿੱਢ ਕੇ ਅਜਿਹਾ ਕਰਨ ਲਈ ਮਜਬੂਰ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਰਾਏ ਬਹਾਦਰ ਡਾ. ਮਥੁਰਾ ਦਾਸ ਪਾਹਵਾ ਨੇ ਆਪਣੀ ਦੂਰ-ਅੰਦੇਸ਼ੀ ਸੋਚ ਨਾਲ ਇਨ੍ਹਾਂ ਸੰਸਥਾਵਾਂ ਦੀ ਸਥਾਪਨਾ ਕੀਤੀ ਸੀ, ਜੋ ਅੱਜ ਮੱਧਵਰਗੀ ਲੋਕਾਂ ਲਈ ਸਿੱਖਿਆ ਦਾ ਸਸਤਾ ਅਤੇ ਭਰੋਸੇਯੋਗ ਕੇਂਦਰ ਹਨ ਪਰ ਕੁਝ ਮੁੱਠੀ ਭਰ ਲੋਕਾਂ ਦੇ ਨਿੱਜ ਦੀ ਲੜਾਈ ਇਨ੍ਹਾਂ ਸਿੱਖਿਆ ਸੰਸਥਾਵਾਂ ਨੂੰ ਸਾਡੇ ਤੋਂ ਖੋਹਣ 'ਤੇ ਤੁਲੀ ਹੋਈ ਹੈ, ਜੋ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ | ਉਨ੍ਹਾਂ ਆਮ ਲੋਕਾਂ ਨੂੰ ਇਸ ਲੜਾਈ ਵਿਚ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਹਿੱਸੇ ਦੀ ਸਿੱਖਿਆ ਨੂੰ ਬਚਾਉਣ ਲਈ ਅੱਗੇ ਆਉਣਾ ਹੀ ਪਵੇਗਾ | ਇਸ ਮੌਕੇ ਉਕਤ ਤੋਂ ਇਲਾਵਾ ਜਨਰਲ ਸਕੱਤਰ ਪਿ੍ਤਪਾਲ ਸਿੰਘ ਗਿੱਲ, ਦਫ਼ਤਰ ਸਕੱਤਰ ਸ਼ਿਵਸ਼ਰਨ ਸਿੰਘ, ਹਰਭਜਨ ਸਿੰਘ ਬਹੋਨਾ, ਤਰਸੇਮ ਸਿੰਘ, ਸੁਭਾਸ਼ ਚੰਦਰ, ਅਕਬਰ ਚੜਿੱਕ, ਕੰਵਲਜੀਤ ਮਹੇਸ਼ਰੀ, ਗੁਰਚਰਨ ਸਿੰਘ ਰਾਜੂ, ਤੇਜਾ ਸਿੰਘ ਬਰਾੜ ਅਤੇ ਮਲਵਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ |