ਧਰਮਕੋਟ, 13 ਅਪ੍ਰੈਲ (ਪਰਮਜੀਤ ਸਿੰਘ)-ਦਲ ਖ਼ਾਲਸਾ ਨੇ ਸ਼ਬਦ-ਗੁਰੂ ਦੀ ਸਰਵ-ਵਿਆਪਕਤਾ, ਅਧਿਆਤਮਿਕਤਾ ਤੇ ਵਿਲੱਖਣ ਸਿਧਾਂਤ ਤੇ ਸਿੱਖ ਰਵਾਇਤਾਂ ਅੰਦਰ ਕੁਰਬਾਨੀ ਦੀ ਪ੍ਰੰਪਰਾ, ਜਿਸ ਦੀ ਮਿਸਾਲ ਗੁਰੂਆਂ ਤੇ ਇਤਿਹਾਸਕ ਸਿੱਖ ਸ਼ਖ਼ਸੀਅਤਾਂ ਨੇ ਸ਼ਹਾਦਤਾਂ ਦੇ ਕੇ ਕਾਇਮ ਕੀਤੀ, ਨੂੰ ਮੁੜ ਦੁਹਰਾਇਆ ਹੈ | ਇਹ ਮਤਾ ਅੱਜ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਚ ਸਿੱਖ ਜਥੇਬੰਦੀ ਦਲ ਖ਼ਾਲਸਾ ਵਲੋਂ ਕਰਵਾਏ ਪੰਥਕ ਸੰਮੇਲਨ ਵਿਚ ਪਾਸ ਕੀਤਾ ਗਿਆ | ਸਮਾਗਮ ਦਾ ਉਦੇਸ਼ ਸ਼ਬਦ ਗੁਰੂ ਦੇ ਸਿਧਾਂਤ 'ਤੇ ਹੋ ਰਹੇ ਹਮਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਅਪਮਾਨ ਅਤੇ ਖ਼ਾਲਸਾ ਰਾਜ ਦੇ ਸੰਕਲਪ ਨੂੰ ਧੁੰਦਲਾ ਕਰਨ ਲਈ ਹਕੂਮਤੀ ਕੋਸ਼ਿਸ਼ਾਂ ਵਿਰੁੱਧ ਸਿੱਖਾਂ ਨੂੰ ਲਾਮਬੰਦ ਕਰਨਾ ਸੀ | ਦਿਲਚਸਪ ਗੱਲ ਹੈ ਕਿ ਦਲ ਖ਼ਾਲਸਾ ਨੇ ਇਹ ਸੰਮੇਲਨ ਪੰਜਾਬ ਸਰਕਾਰ ਵਲੋਂ ਬੇਅਦਬੀਆਂ ਦੀ ਰੋਕਥਾਮ ਲਈ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਐਕਟ 2008 ਵਿਚ ਸੋਧਾਂ ਰਾਹੀਂ ਸਖ਼ਤ ਸਜ਼ਾਵਾਂ ਦੀਆਂ ਧਾਰਾਵਾਂ ਨੂੰ ਜੋੜਨ ਲਈ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਾਲੇ ਦਿਨ ਹੀ ਸੱਦਿਆ ਹੈ | ਸਮਾਗਮ ਤੋਂ ਬਾਅਦ ਜਾਰੀ ਇਕ ਬਿਆਨ ਵਿੱਚ, ਦਲ ਖ਼ਾਲਸਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਪੰਥ ਦੇ ਪ੍ਰਭੂ ਸੱਤਾ ਸੰਪੰਨ ਮਾਰਗ ਦਰਸ਼ਕ ਹਨ, ਜਿਨ੍ਹਾਂ ਦੀ ਸਰਵਉੱਚਤਾ ਅਤੇ ਪਵਿੱਤਰਤਾ ਨੂੰ ਇਤਿਹਾਸ ਵਿਚ ਸਿੱਖਾਂ ਨੇ ਬੇਮਿਸਾਲ ਸ਼ਹਾਦਤਾਂ ਦੇ ਕੇ ਬਰਕਰਾਰ ਰੱਖਿਆ ਹੈ | ਸ਼੍ਰੋਮਣੀ ਅਕਾਲ ਦਲ (ਅੰਮਿ੍ਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਸਿੱਖ ਜੁਝਾਰੂ ਆਗੂ ਨਰਾਇਣ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਬੜਾ ਪਿੰਡ, ਪ੍ਰੋਫੈਸਰ ਜਗਮੋਹਨ ਸਿੰਘ ਤੋਂ ਇਲਾਵਾ ਦਲ ਖ਼ਾਲਸਾ ਦੇ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ | ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਮੌਕੇ 'ਤੇ, ਪ੍ਰਬੰਧਕਾਂ ਨੇ ਸਿੱਖ ਪ੍ਰਭੂ ਸੱਤਾ ਦੇ ਸੰਕਲਪ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਵਿਸਾਖੀ ਦਾ ਪੁਰਬ ਕੌਮੀ ਸਵੈ-ਸ਼ਾਸਨ, ਮਾਣ, ਤੇ ਰਾਜਨੀਤਿਕ ਤੇ ਧਾਰਮਿਕ ਮਾਮਲਿਆਂ 'ਚ ਨਿਆਂ ਤੇ ਆਜ਼ਾਦੀ ਨੂੰ ਕਾਇਮ ਰੱਖਣ ਦੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਯਾਦ ਦਿਵਾਉਂਦਾ ਹੈ | ਸਿੱਖ ਪ੍ਰਭੂ ਸੱਤਾ ਲਈ ਚੱਲ ਰਹੇ ਸਿੱਖ ਸੰਘਰਸ਼ ਬਾਰੇ ਗੱਲ ਕਰਦੇ ਹੋਏ, ਕੰਵਰਪਾਲ ਸਿੰਘ ਤੇ ਇਮਾਨ ਸਿੰਘ ਮਾਨ ਨੇ ਮਿਲ ਕੇ ਕਿਹਾ ਕਿ ਸਾਡਾ ਸੰਘਰਸ਼ ਖ਼ਤਮ ਨਹੀਂ ਹੋਇਆ | ਉਨ੍ਹਾਂ ਇਸ ਗੱਲ ਉਤੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਸਟੇਟ ਨੇ ਕਲਪਨਾਇਕ ਕਹਾਣੀ ਦੀ ਆੜ ਹੇਠ ਫ਼ਿਲਮਾਂ ਤੇ ਕਿਤਾਬਾਂ ਰਾਹੀ ਖ਼ਾਲਿਸਤਾਨ ਦੀ ਵਿਚਾਰਧਾਰਾ ਨੂੰ ਭੰਡਣ ਲਈ ਗੁਮਰਾਹਕੁਨ ਪ੍ਰਚਾਰ ਆਰੰਭਿਆ ਹੋਇਆ ਹੈ | ਉਨ੍ਹਾਂ ਆਪਣੀ ਕੌਮ ਨੂੰ ਹਕੂਮਤ ਵਲੋਂ ਇਨ੍ਹਾਂ ਪ੍ਰਾਪੇਗੰਡੇ ਤੋਂ ਚੌਕਸ ਰਹਿਣ ਦੀ ਅਪੀਲ ਕੀਤੀ | ਵਿਸਾਖੀ ਦੀ ਸਿੱਖਾਂ ਨੂੰ ਵਧਾਈ ਦਿੰਦੇ ਹੋਏ, ਦਲ ਖ਼ਾਲਸਾ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਬੀਰ ਸਿੰਘ ਨੇ ਸਿੱਖਾਂ ਨੂੰ ਕੌਮੀ ਮਕਸਦ ਲਈ ਵਚਨਬੱਧ ਤੇ ਇਕਜੁੱਟ ਰਹਿਣ ਦਾ ਸੱਦਾ ਦਿੱਤਾ |