ਬਾਘਾ ਪੁਰਾਣਾ, 13 ਅਪ੍ਰੈਲ (ਟਿੰਕੂ ਕਾਠਪਾਲ)-ਮਾਊਾਟ ਇੰਟਰਨੈਸ਼ਨਲ ਸਕੂਲ ਸਵਰਗਵਾਸੀ ਪਿ੍ੰਸੀਪਲ ਗੁਰਦੇਵ ਸਿੰਘ ਦੇ ਅਸ਼ੀਰਵਾਦ ਨਾਲ ਤੇ ਡਾਇਰੈਕਟਰ ਤੇ ਪਿ੍ੰਸੀਪਲ ਸੰਦੀਪ ਮਹਿਤਾ ਦੀ ਯੋਗ ਅਗਵਾਈ ਹੇਠ ਤਰੱਕੀ ਦੇ ਰਾਹ 'ਤੇ ਹੈ | ਸਕੂਲ 'ਚ ਵਿਸਾਖੀ ਦੇ ਖ਼ੁਸ਼ੀ ਭਰੇ ਮੌਕੇ 'ਤੇ ਵਧੀਆ ਤਰੀਕੇ ਨਾਲ ਤਿਉਹਾਰ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਭਰਪੂਰ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀਆਂ ਪ੍ਰਤਿਭਾਵਾਂ ਨੂੰ ਮੰਚ 'ਤੇ ਪੇਸ਼ ਕੀਤਾ | ਸਕੂਲ 'ਚ ਵਿਦਿਆਰਥੀਆਂ ਦੇ ਸਪੀਚ ਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ | ਬੱਚਿਆਂ ਨੇ ਵਿਸਾਖੀ ਦੀ ਮਹੱਤਤਾ, ਖ਼ਾਲਸਾ ਪੰਥ ਦੀ ਸਥਾਪਨਾ ਤੇ ਪੰਜਾਬੀ ਵਿਰਸੇ ਬਾਰੇ ਬਹੁਤ ਹੀ ਸੁੰਦਰ ਭਾਸ਼ਣ ਦਿੱਤੇ ਤੇ ਖ਼ੂਬਸੂਰਤ ਕਵਿਤਾਵਾਂ ਸੁਣਾਈਆਂ | ਇਨ੍ਹਾਂ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਆਪਣੀ ਬੋਲੀ ਤੇ ਸੱਭਿਆਚਾਰ ਨੂੰ ਇਕ ਨਵੀਂ ਊਰਜਾ ਦਿੱਤੀ | ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਸੰਦੀਪ ਮਹਿਤਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਵਿਸਾਖੀ ਸਾਡੇ ਲਈ ਖ਼ੁਸ਼ੀ ਤੇ ਨਵੀਆਂ ਉਮੀਦਾਂ ਦਾ ਤਿਉਹਾਰ ਹੈ | ਇਸ ਮੌਕੇ 'ਤੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ 'ਚ ਆਤਮਵਿਸ਼ਵਾਸ ਵਧਾਉਂਦੇ ਹਨ ਤੇ ਉਨ੍ਹਾਂ ਨੂੰ ਆਪਣੀ ਭਾਸ਼ਾ ਤੇ ਸੱਭਿਆਚਾਰ ਤੋਂ ਜਾਣੂੰ ਕਰਵਾਉਂਦੇ ਹਨ | ਸਕੂਲ ਦੇ ਹੈੱਡ ਮੈਡਮ ਖੁਸ਼ਪ੍ਰੀਤ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ | ਉਨ੍ਹਾਂ ਦੀਆਂ ਸਪੀਚਾਂ ਤੇ ਕਵਿਤਾਵਾਂ ਨੇ ਸਭ ਨੂੰ ਪ੍ਰੇਰਿਤ ਕੀਤਾ | ਸਮਾਗਮ 'ਚ ਵਿਦਿਆਰਥੀਆਂ ਦੇ ਉਤਸ਼ਾਹ ਵਾਲਾ ਵਾਤਾਵਰਨ ਸੀ ਤੇ ਸਭ ਨੇ ਇਸ ਤਿਉਹਾਰ ਨੂੰ ਖ਼ੁਸ਼ੀ ਨਾਲ ਮਨਾਇਆ | ਇਸ ਮੌਕੇ 'ਤੇ ਪਿ੍ੰਸੀਪਲ ਮੈਡਮ ਪਰਮਿੰਦਰ ਕੌਰ ਨੇ ਬੱਚਿਆਂ ਨੂੰ ਵਿਸਾਖੀ ਤੇ ਖ਼ਾਲਸਾ ਪੰਥ ਦੇ ਸਾਜਨਾ ਦੀ ਵਧਾਈ ਦਿੱਤੀ | ਇਸ ਮੌਕੇ ਕਿਡਜ਼ੀ ਪ੍ਰੀ ਸਕੂਲ ਦੇ ਡਾਇਰੈਕਟਰ ਮੈਡਮ ਸੁਧਾ ਮਹਿਤਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਕੂਲ ਵਿਚ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ 'ਚ ਮਦਦਗਾਰ ਸਾਬਤ ਹੁੰਦੀਆਂ ਹਨ | ਇਸ ਮੌਕੇ 'ਤੇ ਸਮੂਹ ਸਟਾਫ਼ ਵੀ ਹਾਜ਼ਰ ਸੀ |