ਫ਼ਤਿਹਗੜ੍ਹ ਪੰਜਤੂਰ, 13 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਹਰਮਨ ਪਿਆਰੀ ਸਿੱਖਿਆ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ (ਮੋਗਾ) ਵਿਖੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵਿਸਾਖੀ ਦਾ ਤਿਉਹਾਰ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮੇਂ ਸਵੇਰ ਦੀ ਸਪੈਸ਼ਲ ਪ੍ਰਾਰਥਨਾ ਸਭਾ ਕਰਵਾਈ ਗਈ | ਜਿਸ 'ਚ ਵਿਦਿਆਰਥੀਆਂ ਵਲੋਂ ਹੋਰਨਾਂ ਵਿਦਿਆਰਥੀਆਂ ਦੀ ਜਾਣਕਾਰੀ 'ਚ ਵਾਧਾ ਕਰਨ ਵਾਲੇ ਆਰਟੀਕਲ ਪੇਸ਼ ਕੀਤੇ ਗਏ | ਆਰਟੀਕਲ ਪੇਸ਼ ਕਰਦਿਆਂ ਵਿਦਿਆਰਥੀਆਂ ਨੇ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਹਰ ਸਾਲ ਕਣਕਾਂ ਦੀ ਵਾਢੀ ਵੇਲੇ ਮਨਾਇਆ ਜਾਂਦਾ ਹੈ, ਕਿਉਂਕਿ ਇਸ ਮੌਕੇ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੁੰਦੀ ਹੈ | ਇਸ ਦਿਨ ਦਾ ਇਤਿਹਾਸ ਸਿੱਖ ਧਰਮ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਹੀ ਸੰਨ 1699 ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜ ਪਿਆਰੇ ਸਾਜੇ ਸਨ | ਸਕੂਲ ਵਿਚ ਵਿਸਾਖੀ ਦਾ ਤਿਉਹਾਰ ਮਨਾਉਂਦੇ ਹੋਏ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਵੱਲੋਂ ਪੰਜਾਬੀ ਲੋਕ ਨਾਚ ਪੇਸ਼ ਕੀਤੇ ਗਏ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਅਤੇ ਪਿ੍ੰਸੀਪਲ ਅਮਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਦੇ ਹੋਏ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਵਿਰਸਾ ਬਹੁਤ ਹੀ ਅਮੀਰ ਤੇ ਮਹਾਨ ਹੈ ਅਤੇ ਇਹ ਵਿਸਾਖੀ ਦਾ ਦਿਹਾੜਾ ਪੰਜਾਬ ਦੇ ਇਤਿਹਾਸ, ਵਿਰਸੇ ਅਤੇ ਪੰਜਾਬੀਅਤ ਨੂੰ ਦਰਸਾਉਂਦਾ ਹੈ | ਇਸ ਮੌਕੇ ਸਕੂਲ ਵਲੋਂ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |