ਮੋਗਾ, 14 ਅਪ੍ਰੈਲ (ਅਸ਼ੋਕ ਬਾਂਸਲ)-ਕੇਂਦਰੀ ਮੰਤਰਾਲੇ ਦੀ ਟੀਮ ਵਲੋਂ ਬਾਰਸ਼ ਨਾਲ ਖ਼ਰਾਬ ਹੋਈ ਕਣਕ ਦਾ ਜਾਇਜ਼ਾ ਲੈਣ ਲਈ ਕਣਕ ਦੀ ਢੇਰੀਆਂ 'ਚੋਂ ਸੈਂਪਲ ਭਰੇ ਗਏ | ਇਸ ਮੌਕੇ ਡਿਪਟੀ ਡਾਇਰੈਕਟਰ ਪੀ.ਕੇ. ਸਿੰਘ, ਜਤਿੰਦਰ ਕੁਮਾਰ ਟੈਕਨੀਕਲ ਅਫ਼ਸਰ, ਸੰਜੇ ਰਾਵਤ ਮੈਨੇਜਰ ਕਿਊ.ਸੀ. ਐਫ.ਸੀ.ਆਈ. ਮੋਗਾ, ਸਚਿਨ ਗਰਗ ਇੰਸਪੈਕਟਰ ਐਫ.ਸੀ.ਆਈ., ਕੈਲਾਸ਼ ਚੰਦ ਏ.ਜੀ.ਐਮ. ਕਿਊ.ਸੀ., ਐਸ.ਪੀ. ਸ਼ੇਖਰ ਟੈਕਨੀਕਲ ਅਫ਼ਸਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ, ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ, ਸਕੱਤਰ ਰਾਹੁਲ ਗਰਗ ਸ਼ਾਮਿਲ ਸਨ | ਇਸ ਮੌਕੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਆਦਾ ਬਾਰਸ਼ ਹੋਈ ਸੀ ਜਿਸ ਕਾਰਨ ਕਣਕ ਦਾ ਦਾਣਾ ਸੁੰਗੜ ਗਿਆ ਹੈ | ਪੰਜਾਬ ਗੌਰਮਿੰਟ ਨੇ ਸੈਂਟਰ ਗੌਰਮਿੰਟ ਨੂੰ ਲਿਖਿਆ ਸੀ ਜਿਸ ਕਾਰਨ ਅੱਜ ਫੂਡ ਮਨਿਸਟਰੀ ਵਲੋਂ ਇਕ ਟੀਮ ਭੇਜੀ ਗਈ ਹੈ | ਮੋਗਾ ਤੇ ਸਾਰੇ ਪੰਜਾਬ 'ਚ ਇਹ ਟੀਮਾਂ ਵਲੋਂ ਸੈਂਪਲ ਭਰੇ ਜਾ ਰਹੇ ਹਨ | ਅਸੀਂ ਮੋਗਾ ਮੰਡੀ 'ਚੋਂ ਕਣਕ ਦੇ ਸੈਂਪਲ ਭਰ ਲਏ ਹਨ | ਇਸ ਤੋਂ ਬਾਅਦ ਤਿੰਨ ਚਾਰ ਮੰਡੀਆਂ 'ਚ ਹੋਰ ਸੈਂਪਲ ਲੈ ਕੇ ਤੇ ਇਸ ਦਾ ਜਦੋਂ ਨਤੀਜਾ ਆਏਗਾ, ਉਸ ਤੋਂ ਬਾਅਦ ਜੋ ਕਣਕ ਪੰਜਾਬ ਦੀਆਂ ਏਜੰਸੀਆਂ ਵਲੋਂ ਐਫ.ਸੀ.ਆਈ. ਨੂੰ ਡਿਲੀਵਰ ਕੀਤੀ ਜਾਂਦੀ ਹੈ, ਉਸ ਵਿਚ ਛੋਟ ਮਿਲਣ ਦੀ ਪੂਰੀ ਉਮੀਦ ਹੈ | ਉਨ੍ਹਾਂ ਕਿਹਾ ਕਿ ਅੱਜ ਮੋਗਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਜਾ ਕੇ ਕਣਕ ਦੇ ਸੈਂਪਲ ਭਰੇ ਜਾ ਰਹੇ ਹਨ | ਇਸ ਤੋਂ ਬਾਅਦ ਇਹ ਟੀਮ ਬਾਘਾ ਪੁਰਾਣਾ, ਬੱਧਨੀ ਕਲਾਂ ਤੇ ਧਰਮਕੋਟ ਦੀਆਂ ਮੰਡੀਆਂ 'ਚ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਵਾਰ ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਕਣਕਾਂ ਦੀ ਕੁਆਲਿਟੀ ਥੋੜ੍ਹੀ ਖ਼ਰਾਬ ਹੋ ਗਈ ਹੈ | ਇਹ ਕੁਦਰਤੀ ਆਫ਼ਤ ਹੈ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਸਮੀਰ ਜੈਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਕਣਕ ਨੂੰ ਖ਼ਰੀਦਣ ਲਈ ਜਲਦੀ ਰਾਹਤ ਦੇਵੇ | ਇਸ ਮੌਕੇ ਮਾਰਕਫੈਡ ਦੇ ਮੈਨੇਜਰ ਹਰਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਸੁੱਖਾ, ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ, ਵੇਅਰ ਹਾਊਸ ਦੇ ਅਧਿਕਾਰੀ, ਪਨਸਪ ਦੇ ਇੰਸਪੈਕਟਰ ਸੁਖਜੀਤ ਸਿੰਘ, ਨਵੀਨ ਕੁਮਾਰ, ਹਿਤੇਸ਼ ਗੁਪਤਾ, ਰਿਪਨ ਬਾਂਸਲ, ਬਿਪਨ ਸਿੰਗਲਾ ਬਿੱਟਾ ਆਦਿ ਹਾਜ਼ਰ ਸਨ |