ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਫ਼ੇਜ਼ ਵਨ ਦੀ ਸਫਲਤਾ ਤੋਂ ਬਾਅਦ ਫੇਸ ਦੋ ਤਹਿਤ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਾਰਵਾਈਆਂ ਜਾਰੀ ਹਨ | ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਅੰਬੇਡਕਰ ਜੈਅੰਤੀ ਨੂੰ ਸਮਰਪਿਤ ਜ਼ਿਲ੍ਹਾ ਮੋਗਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਫ਼ੇਜ਼2 ਅਧੀਨ ਕਮਿਊਨਿਟੀ ਵਾਕਥੋਨ ਦਾ ਸਫਲ ਆਯੋਜਨ ਕੀਤਾ | ਇਸ ਕਮਿਊਨਿਟੀ ਵਾਕਥੋਨ ਵਿਚ ਡਿਪਟੀ ਕਮਿਸ਼ਨਰ ਸਾਗਰ ਸੇਤੀਆ, ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ, ਐਸ.ਐਸ.ਪੀ. ਅਜੈ ਗਾਂਧੀ, ਐਸ.ਡੀ.ਐਮ. ਸੂਰਜ, ਐਸ.ਪੀ. ਸੰਦੀਪ ਸਿੰਘ ਮੰਡ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਮੋਗਾ ਵਾਸੀਆਂ ਤੇ ਖਿਡਾਰੀਆਂ ਨੇ ਸ਼ਿਰਕਤ ਕੀਤੀ | ਇਹ ਕਮਿਊਨਿਟੀ ਵਾਕਥੋਨ ਸਰਕਾਰੀ ਆਈ.ਟੀ.ਆਈ. ਗਰਾਊਾਡ ਮੋਗਾ ਤੋਂ ਸ਼ੁਰੂ ਹੋ ਕੇ ਭੁਪਿੰਦਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਤੱਕ ਪੁੱਜੀ | ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਬਾਬਾ ਸਾਹਿਬ ਦੀ ਫ਼ੋਟੋ ਉੱਪਰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ | ਇਸ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਖਿਡਾਰੀਆਂ ਲਈ ਪੀਣ ਵਾਲੇ ਪਾਣੀ, ਟੀ ਸ਼ਰਟ ਸਰਟੀਫਿਕੇਟ, ਰਿਫਰੈਸ਼ਮੈਂਟ ਆਦਿ ਪ੍ਰਬੰਧ ਕੀਤੇ ਗਏ ਸਨ | ਭਾਰੀ ਇਕੱਠ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਨਿਰੋਗ ਜ਼ਿੰਦਗੀ ਜਿਊਣ ਤੇ ਨਸ਼ਿਆਂ ਵਿਰੁੱਧ ਲੜਨ ਦਾ ਸੁਨੇਹਾ ਦਿੱਤਾ |