ਮੋਗਾ 'ਚ ਹੁਕਮਰਾਨ ਧਿਰ ਨੂੰ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਲਗਾਈ ਸਿਆਸੀ ਸੰਨ੍ਹ
ਅਜੀਤ ਡੈਸਕ
24-04-2026
ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਸਿਆਸਤ 'ਚ ਅੱਜ ਉਸ ਸਮੇਂ ਵੱਡਾ ਮੋੜ ਵੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਪੁਰੀ ਗਰੁੱਪ ਦੇ ਪ੍ਰਧਾਨ ਨਿਰੋਤਮ ਪੁਰੀ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਇਹ ਸ਼ਮੂਲੀਅਤ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਦੀ ਅਗਵਾਈ ਵਿਚ ਹੋਈ | ਇਸ ਮੌਕੇ ਮਾਲਵਿਕਾ ਸੂਦ ਨੇ ਨਿਰੋਤਮ ਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਾਰਟੀਆਂ ਦੇ ਆਗੂ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਜੋ ਕਿ ਪਾਰਟੀ ਲਈ ਸ਼ੁਭ ਸੰਕੇਤ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਫਾਇਦਾ ਹੋਵੇਗਾ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਪਾਰਟੀ ਹੋਰ ਮਜ਼ਬੂਤੀ ਨਾਲ ਉੱਭਰੇਗੀ | ਮਾਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਹਿਤਾਂ ਲਈ ਕੰਮ ਕਰਦੀ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ | ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਸ਼ਮੂਲੀਅਤ ਨਾਲ ਮੋਗਾ ਦੀ ਸਿਆਸਤ ਵਿਚ ਨਵੀਆਂ ਸਮੀਕਰਨ ਬਣ ਰਹੇ ਹਨ ਜੋ ਆਉਣ ਵਾਲੀਆਂ ਚੋਣਾਂ ਵਿਚ ਨਤੀਜਿਆਂ 'ਤੇ ਸਿੱਧਾ ਅਸਰ ਪਾ ਸਕਦੀਆਂ ਹਨ |
ਮਾਲਵਿਕਾ ਸੂਦ ਦੀ ਮਿਹਨਤ ਤੇ ਜਜ਼ਬੇ ਤੋਂ ਪ੍ਰਭਾਵਿਤ ਹੋ ਕੇ ਕੀਤੀ ਸ਼ਮੂਲੀਅਤ-ਨਿਰੋਤਮ ਪੁਰੀ
ਇਸ ਮੌਕੇ ਕਾਂਗਰਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਨਿਰੋਤਮ ਪੁਰੀ ਨੇ ਕਿਹਾ ਕਿ ਉਹ ਮਾਲਵਿਕਾ ਸੂਦ ਦੀ ਮਿਹਨਤ, ਜਜ਼ਬੇ ਤੇ ਲੋਕਾਂ ਲਈ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨਾਲ ਜੁੜੇ ਹਨ | ਉਨ੍ਹਾਂ ਕਿਹਾ ਕਿ ਮੋਗਾ ਦੀ ਧੀ ਮਾਲਵਿਕਾ ਸੂਦ ਨੂੰ ਸਮਰਥਨ ਦੇਣਾ ਸਾਡਾ ਫਰਜ਼ ਹੈ ਤੇ ਅਸੀਂ ਪੂਰੀ ਤਰ੍ਹਾਂ ਨਾਲ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਨਾਲ ਖੜੇ ਹਾਂ | ਨਿਰੋਤਮ ਪੁਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਾਰਪੋਰੇਸ਼ਨ ਵਿਚ ਫੈਲੀ ਕਰੱਪਸ਼ਨ ਨੂੰ ਖਤਮ ਕੀਤਾ ਜਾਵੇ |