ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ (ਕੈਂਪਸ-1 ਅਤੇ ਕੈਂਪਸ-2) ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ | ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਦੀ ਸ਼ੁਰੂਆਤ 1970 ਵਿਚ ਨੌਜਵਾਨਾਂ ਵਿਚ ਪ੍ਰਦੂਸ਼ਣ, ਗਲੋਬਲ ਵਾਰਮਿੰਗ, ਜਲਵਾਯੂ ਪਰਿਵਰਤਨ, ਵਾਤਾਵਰਨ ਸੰਭਾਲ ਤੇ ਪਾਣੀ ਪ੍ਰਦੂਸ਼ਣ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਜ਼ਰੂਰਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ | ਅੱਜ ਹਜ਼ਾਰਾਂ ਟਨ ਪੌਲੀਥੀਨ ਤੇ ਜੈਵਿਕ ਰਹਿੰਦ-ਖੂੰਹਦ ਧਰਤੀ 'ਤੇ ਲਗਾਤਾਰ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਪ੍ਰਦੂਸ਼ਣ, ਗਲੋਬਲ ਵਾਰਮਿੰਗ ਤੇ ਪਾਣੀ ਦੇ ਪ੍ਰਦੂਸ਼ਣ ਵਿਚ ਵਾਧਾ ਹੋ ਰਿਹਾ ਹੈ | ਸਾਨੂੰ ਸਾਰਿਆਂ ਨੂੰ ਆਪਣੇ ਵਾਤਾਵਰਨ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ | ਇਸ ਮੌਕੇ ਕੈਂਪਸ-2 ਦੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਜਨਤਾ ਵਿਚ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕਰਨ ਲਈ ਪੋਸਟਰ ਬਣਾਏ | ਕੈਂਪਸ-2 ਵਿਖੇ ਹੋਏ ਪੋਸਟਰ ਮੁਕਾਬਲੇ ਵਿਚ ਅਮਨਦੀਪ ਕੌਰ ਨੇ ਪਹਿਲਾ, ਅੰਮਿ੍ਤਦੀਪ ਕੌਰ ਨੇ ਦੂਜਾ ਸਥਾਨ, ਸਲੋਗਨ ਮੁਕਾਬਲੇ ਵਿਚ ਜਸਪਾਲ ਨੇ ਪਹਿਲਾ ਜਦੋਂ ਕਿ ਖੁਸ਼ਪ੍ਰੀਤ ਦੂਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਆਈ.ਐਸ.ਐਫ. ਕੈਂਪਸ-1 ਦੇ ਪੋਸਟਰ ਮੁਕਾਬਲੇ ਵਿਚ ਏਲਿਨ ਨੇ ਪਹਿਲਾ ਸਥਾਨ, ਅੰਸ਼ਿਕਾ ਸਿੰਘ ਤੇ ਅਮਨਪ੍ਰੀਤ ਕੌਰ ਨੇ ਦੂਜਾ ਸਥਾਨ ਤੇ ਖ਼ੁਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ | ਪ੍ਰੋਗਰਾਮ ਦਾ ਸੰਚਾਲਨ ਅਮਿੱਤ ਸ਼ਰਮਾ, ਕਿਰਨਦੀਪ ਕੌਰ ਅਤੇ ਲਵਕੇਸ਼ ਸਿੰਘ ਨੇ ਕੀਤਾ ਜਦੋਂ ਕਿ ਰਾਜਕੁਮਾਰ ਮੰਡਲ ਅਤੇ ਪਾਰਸ ਕਥੂਰੀਆ ਨੇ ਸਟੇਜ ਕੋਆਰਡੀਨੇਟਰ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਧਰਤੀ ਦਿਵਸ 'ਤੇ ਕਰਵਾਏ ਪੋਸਟਰ ਮੁਕਾਬਲੇ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ |