ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਨ ਕਮੇਟੀ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਸੁਨੀਤਾ ਗਰਗ ਦੀ ਅਗਵਾਈ ਹੇਠ ਅੱਜ ਵਿਸ਼ਵ ਪੁਸਤਕ ਤੇ ਕਾਪੀ-ਰਾਈਟ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਕਾਨੂੰਨੀ ਅਧਿਐਨ ਅਤੇ ਸਾਖਰਤਾ ਵਿਭਾਗਾਂ ਦੇ ਵਿਦਿਆਰਥੀਆਂ ਦੁਆਰਾ ਇਕ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਜੂਨੀਅਰ ਕਲਾਸਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਮਹੱਤਤਾ, ਕਾਪੀ-ਰਾਈਟ ਕਾਨੂੰਨਾਂ ਦੀ ਜ਼ਰੂਰਤ ਤੇ ਬੌਧਿਕ ਸੰਪਤੀ ਦੀ ਸੁਰੱਖਿਆ ਬਾਰੇ ਸਰਲ ਤੇ ਦਿਲਚਸਪ ਢੰਗ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ | ਇਸ ਪ੍ਰੋਗਰਾਮ ਦੌਰਾਨ ਕਾਨੂੰਨੀ ਅਧਿਐਨ ਵਿਭਾਗ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਦੱਸਿਆ ਕਿ ਇਹ ਦਿਨ ਯੂਨੈਸਕੋ ਦੁਆਰਾ ਹਰ ਸਾਲ 23 ਅਪ੍ਰੈਲ ਨੂੰ ਮਹਾਨ ਸਾਹਿਤਕ ਹਸਤੀਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਕਿਤਾਬ ਦੇ ਲੇਖਕ ਕੋਲ ਆਪਣੀ ਰਚਨਾ 'ਤੇ ਵਿਸ਼ੇਸ਼ ਅਧਿਕਾਰ ਹਨ | ਸਕੂਲ ਦੀ ਅਤਿ-ਆਧੁਨਿਕ ਡਿਜੀਟਲ ਤੇ ਪੂਰੀ ਤਰ੍ਹਾਂ ਲੈਸ ਆਧੁਨਿਕ ਲਾਇਬ੍ਰੇਰੀ ਇਸ ਸਮਾਗਮ ਦੇ ਮੁੱਖ ਆਕਰਸ਼ਨ ਸੀ | ਕਿੰਡਰਗਾਰਟਨ ਭਾਗ ਦੇ ਛੋਟੇ ਬੱਚਿਆਂ ਲਈ ਵਿਸ਼ੇਸ਼ ਸੈਸ਼ਨ ਵੀ ਆਯੋਜਿਤ ਕੀਤੇ ਗਏ ਸਨ | ਇਸ ਮੌਕੇ ਬੱਚਿਆਂ ਨੂੰ ਪ੍ਰੇਰਨਾਦਾਇਕ ਕਿਤਾਬਾਂ ਵੀ ਭੇਟ ਕੀਤੀਆਂ ਗਈਆਂ, ਜਿਸ ਨੇ ਉਨ੍ਹਾਂ ਦੀ ਖ਼ੁਸ਼ੀ ਨੂੰ ਦੁੱਗਣਾ ਕਰ ਦਿੱਤਾ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਤੇ ਡਾਇਰੈਕਟਰ ਸੁਨੀਤਾ ਗਰਗ ਨੇ ਕਿਹਾ ਕਿ ਕਿਤਾਬਾਂ ਗਿਆਨ ਦਾ ਇਕ ਅਨਮੋਲ ਖ਼ਜ਼ਾਨਾ ਹਨ ਅਤੇ ਡਿਜੀਟਲ ਲਾਇਬ੍ਰੇਰੀ ਵਰਗੀਆਂ ਆਧੁਨਿਕ ਸਹੂਲਤਾਂ ਵਿਦਿਆਰਥੀਆਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸਾਡਾ ਸਕੂਲ ਆਧੁਨਿਕ ਤਕਨਾਲੋਜੀ ਤੇ ਨੈਤਿਕ ਸਿੱਖਿਆ ਦੇ ਇਕ ਸੁੰਦਰ ਸੰਗਮ ਨੂੰ ਦਰਸਾਉਂਦਾ ਹੈ | ਡਿਜੀਟਲ ਲਾਇਬ੍ਰੇਰੀ ਰਾਹੀਂ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਗਿਆਨ ਹੀ ਨਹੀਂ ਦੇ ਰਹੇ ਹਾਂ, ਸਗੋਂ ਭਵਿੱਖ ਲਈ ਉਨ੍ਹਾਂ ਨੂੰ ਸਸ਼ਕਤ ਅਤੇ ਸੰਵੇਦਨਸ਼ੀਲ ਵੀ ਬਣਾ ਰਹੇ ਹਾਂ |