ਨੱਥੂਵਾਲਾ ਗਰਬੀ, 23 ਅਪ੍ਰੈਲ (ਨਵਦੀਪ ਸਿੰਘ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਤੇ ਭਾਰਤ ਦੇ ਪ੍ਰਧਾਨ ਸਹਿਕਾਰ, ਉੱਘੇ ਸਮਾਜ ਸੇਵੀ ਤੇ ਨਾਮੀ ਉਦਯੋਗਪਤੀ ਸਤਬੀਰ ਸਿੰਘ ਸਿਰਫ਼ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਇਕਾਈ ਮਾਲਵਾ ਜ਼ੋਨ ਵਲੋਂ ਨਾਮਵਰ ਵਿੱਦਿਅਕ ਸੰਸਥਾ ਭਾਈ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਸਰਬਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਤੇ ਨਿਰਵੈਰ ਸਿੰਘ ਸਰਪੰਚ ਨੱਥੂਵਾਲਾ ਨਵਾਂ ਪਾਸਾ, ਸਾਹਿਤ ਸਭਾ ਬਾਘਾ ਪੁਰਾਣਾ ਤੇ ਦਿਹਾਤੀ ਪੈੱ੍ਰਸ ਕਲੱਬ ਬਾਘਾ ਪੁਰਾਣਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਤੋਂ ਇਲਾਵਾ ਸਕੂਲ ਦਾ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਸ਼ੁਰੂਆਤ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਸੰਧੂ ਨੇ ਆਏ ਹੋਏ ਮੁੱਖ ਮਹਿਮਾਨਾਂ, ਮਹਿਮਾਨਾਂ, ਸਾਹਿਤਕਾਰਾਂ ਤੇ ਦਰਸ਼ਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ | ਉਪਰੰਤ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ | ਇਸ ਮੌਕੇ ਕੈਨੇਡੀਅਨ ਸਾਹਿਤਕਾਰ ਸੰਸਾਰ ਪ੍ਰਸਿੱਧ ਕਵਿੱਤਰੀ (ਜੋ ਕਿ ਸਾਹਿਤਕ ਸਾਂਝਾਂ ਸੰਸਥਾ ਦੇ ਮੁੱਖ ਪ੍ਰਬੰਧਕ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਚੇਅਰਪਰਸਨ ਵੀ ਹਨ | ਉਨ੍ਹਾਂ ਦੀ ਪੁਸਤਕ ''ਇਸ਼ਕ ਖ਼ੁਦਾ ਦਾ ਸੋਹਣਾ ਮੰਦਰ'' ਤੇ ਕੈਨੇਡੀਅਨ ਉੱਘੇ ਸਾਹਿਤਕਾਰ ਕਰਤਾਰ ਸਿੰਘ ਔਲਖ ਦੀ ਪੁਸਤਕ ''ਰਾਈ ਦੇ ਪਹਾੜ ਦਾ ਸੱਚ ਭਾਗ-1'' ਨੂੰ ਮੁੱਖ ਮਹਿਮਾਨਾਂ ਵਲੋਂ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਸਾਹਿਤਕਾਰ ਸਾਧੂ ਰਾਮ ਲੰਗੇਆਣਾ ਨੇ ਦੋਹਾਂ ਲੇਖਕਾਂ ਦੀਆਂ ਪੁਸਤਕਾਂ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਮੁੱਖ ਮਹਿਮਾਨਾਂ ਚੇਅਰਪਰਸਨ ਬੀਬੀ ਸਰਬਜੀਤ ਕੌਰ ਅਤੇ ਸਕੂਲ ਦੇ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ ਨੇ ਦੋਨੋਂ ਪ੍ਰਵਾਸੀ ਲੇਖਕਾਂ ਨੂੰ ਕਿਤਾਬਾਂ ਲੋਕ ਅਰਪਣ ਹੋਣ 'ਤੇ ਮੁਬਾਰਕਾਂ ਦਿੱਤੀਆਂ | ਪ੍ਰੋਗਰਾਮ ਦੇ ਅਖੀਰ ਵਿਚ ਸਰਪੰਚ ਨਿਰਵੈਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਪ੍ਰੋਗਰਾਮ ਦੀ ਸਫਲਤਾ ਵਾਸਤੇ ਸਕੂਲ ਦੇ ਪਿ੍ੰਸੀਪਲ ਤਜਿੰਦਰ ਕੌਰ ਗਿੱਲ ਅਤੇ ਸਮੁੱਚੇ ਸਟਾਫ਼ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪਿ੍ੰਸੀਪਲ ਭੁਪਿੰਦਰ ਕੌਰ, ਲੈਕਚਰਾਰ ਵੀਰਪਾਲ ਕੌਰ, ਜਸਵੀਰ ਕੌਰ, ਅੰਗਰੇਜ਼ ਕੌਰ, ਲੈਕਚਰਾਰ ਰਵੀ ਕਾਂਤ ਆਦਿ ਹਾਜ਼ਰ ਸਨ |