ਠੱਠੀ ਭਾਈ, 26 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੇ ਪੁਲਿਸ ਥਾਣਾ ਸਮਾਲਸਰ ਹੇਠਲੇ ਪਿੰਡ ਸੁਖਾਨੰਦ ਜੋ ਸੱਤਾਧਾਰੀ ਧਿਰ ਦੇ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦਾ ਪਿੰਡ ਹੈ, ਦੇ ਅਤਿ ਨਜ਼ਦੀਕੀ ਸੱਤਾਧਾਰੀ ਧਿਰ ਦੇ ਸਰਪੰਚ ਤੇ ਪਾਵਰਕਾਮ ਦੇ ਅਧਿਕਾਰੀ ਵਲੋਂ ਪਾਵਰ ਕੱਟ ਲਗਾਏ ਜਾਣ 'ਤੇ ਗਾਲੀ ਗਲੋਚ ਅਤੇ ਰਾਤ ਨੂੰ ਹੋਰ ਵਿਅਕਤੀ ਨਾਲ ਲੈ ਕੇ ਗਰਿੱਡ 'ਤੇ ਪਹੁੰਚ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਸੁਖਾਨੰਦ ਵਿਖੇ ਸਥਿਤ ਪਾਵਰਕਾਮ ਦੇ ਬਿਜਲੀ ਗਰਿੱਡ ਤੇ ਐਸ.ਐਸ.ਏ. ਦੀ ਪੋਸਟ 'ਤੇ ਤਾਇਨਾਤ ਗੁਰਮੇਲ ਸਿੰਘ ਨੇ ਦੱਸਿਆ ਕਿ ਲੰਘੀ 25 ਅਪ੍ਰੈਲ ਦੀ ਰਾਤ ਨੂੰ ਪਾਵਰਕਾਮ ਦੀਆਂ ਹਦਾਇਤਾਂ ਅਨੁਸਾਰ ਪਿੰਡ ਸੁਖਾਨੰਦ ਵਿਖੇ ਸਵਾ ਘੰਟੇ ਦਾ ਪਾਵਰ ਕੱਟ ਲੱਗਾ ਹੋਇਆ ਸੀ | ਬਿਜਲੀ ਬੰਦ ਹੋਣ ਕਾਰਨ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਬਿਜਲੀ ਚਾਲੂ ਕੀਤੀ ਜਾਵੇ | ਗੁਰਮੇਲ ਸਿੰਘ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਸੀਨੀਅਰ ਅਧਿਕਾਰੀਆਂ ਦਾ ਫ਼ੋਨ ਕਰਵਾ ਦੇਵੋ, ਮੈਂ ਬਿਜਲੀ ਛੱਡ ਦੇਵਾਂਗਾ ਤਾਂ ਸਰਪੰਚ ਨੇ ਕਿਹਾ ਕਿ ਮੈਂ ਤੈਨੂੰ ਕਹਿ ਦਿੱਤਾ ਬਿਜਲੀ ਛੱਡ ਤਾਂ ਮੈਂ ਕਿਹਾ ਕਿ ਮੈਂ ਆਪਣੀ ਮਰਜ਼ੀ ਮੁਤਾਬਿਕ ਬਿਜਲੀ ਨਹੀਂ ਛੱਡ ਸਕਦਾ, ਤੁਸੀਂ ਸੀਨੀਅਰ ਅਧਿਕਾਰੀਆਂ ਤੰੂ ਮੈਨੂੰ ਫ਼ੋਨ ਕਰਵਾਓ | ਉਨ੍ਹਾਂ ਕਿਹਾ ਕਿ ਮੈਨੂੰ 15 ਕੁ ਮਿੰਟ ਬਾਅਦ ਮੈਨੂੰ ਸਰਪੰਚ ਨੇ ਫਿਰ ਫ਼ੋਨ ਲਾ ਕੇ ਕਿਹਾ ਕਿ ਮੇਰੀ ਗੱਲ ਹੋ ਗਈ, ਤੁਸੀਂ ਲਾਈਟ ਛੱਡੋ ਤਾਂ ਮੈਂ ਮੁੜ ਉਹੀ ਗੱਲ ਦੋਹਰਾਈ ਕਿ ਮੈਨੂੰ ਮੇਰੇ ਅਫ਼ਸਰਾਂ ਦਾ ਫ਼ੋਨ ਕਰਵਾ ਦਿਓ, ਮੈਂ ਲਾਈਟ ਛੱਡ ਦੇਵਾਂਗਾ | ਇਸ ਤੋਂ ਬਾਅਦ ਸਰਪੰਚ ਜੋ ਨਸ਼ੇ ਦੀ ਹਾਲਤ ਵਿਚ ਸੀ, ਨੇ ਮੈਨੂੰ ਗਾਲੀ ਗਲੋਚ ਕੀਤਾ ਤੇ ਕੁਝ ਸਮੇਂ ਬਾਅਦ ਹੀ ਉਹ ਆਪਣੇ ਕੁਝ ਸਾਥੀ ਨਾਲ ਲੈ ਕੇ ਗਰਿੱਡ 'ਤੇ ਆ ਗਿਆ ਤੇ ਗਰਿੱਡ ਦਾ ਮੇਨ ਗੇਟ ਟੱਪ ਕੇ ਮੈਨੂੰ ਗਾਲੀ ਗਲੋਚ ਕਰਦਾ ਹੋਇਆ ਹੱਥੋ ਪਾਈ ਹੋ ਗਿਆ ਤੇ ਮੇਰੇ 'ਤੇ ਹਮਲਾ ਕਰ ਦਿੱਤਾ ਤੇ ਥੱਲੇ ਸੁੱਟ ਕੇ ਢਿੱਡ ਵਿਚ ਲੱਤਾਂ ਮਾਰੀਆਂ | ਉਨ੍ਹਾਂ ਕਿਹਾ ਕਿ ਇਹ ਸਾਰੀ ਘਟਨਾ ਉਨ੍ਹਾਂ ਨੇ ਆਪਣੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨਾਲ ਸਾਂਝੀ ਕੀਤੀ ਜਿਨ੍ਹਾਂ ਨੇ ਮੈਨੂੰ ਸਵੇਰੇ ਚੁੱਕ ਕੇ ਭਗਤਾ ਭਾਈ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ | ਇਸ ਮੌਕੇ ਉਕਤ ਮੁਲਾਜ਼ਮ ਦੀ ਪਤਨੀ ਨੇ ਦੱਸਿਆ ਕਿ ਮੇਰਾ ਪਤੀ ਹਾਰਟ ਦਾ ਮਰੀਜ਼ ਹੈ, ਅਜੇ ਦੋ ਦਿਨ ਪਹਿਲਾਂ ਹੀ ਆਪਣੇ ਪਤੀ ਦੀ ਦਵਾਈ ਲੈ ਕੇ ਆਏ ਹਨ ਅਤੇ ਡਾਕਟਰ ਨੇ ਉਨ੍ਹਾਂ ਨੂੰ ਸੁਖਾਵੇਂ ਮਾਹੌਲ ਵਿਚ ਰਹਿਣ ਦੀ ਸਲਾਹ ਦਿੱਤੀ ਸੀ | ਉਨ੍ਹਾਂ ਅੱਖਾਂ ਭਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ ਦੀ ਮੰਗ ਦੀ ਗੁਹਾਰ ਲਗਾਈ | ਇਸ ਘਟਨਾ ਦੇ ਰੋਸ ਵਜੋਂ ਬਿਜਲੀ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਸੱਤਾਧਾਰੀ ਧਿਰ ਦਾ ਸਰਪੰਚ ਜੋ ਹਲਕਾ ਵਿਧਾਇਕ ਦਾ ਚਚੇਰਾ ਭਰਾ ਹੈ, ਵਲੋਂ ਸ਼ਰੇਆਮ ਗੁੰਡਾਗਰਦੀ ਕਰਦਿਆਂ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਦੀ ਕੀਤੀ ਗਈ ਕੁੱਟਮਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਅਤੇ ਉਨ੍ਹਾਂ ਨੇ ਇਹ ਘਟਨਾ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਧਿਆਨ ਵਿਚ ਲਿਆਂਦੀ ਹੈ ਅਤੇ ਵਿਧਾਇਕ ਨੇ ਆਪਣੇ ਸਰਪੰਚ ਭਰਾ ਨੂੰ ਗਲਤ ਕਰਾਰ ਦਿੰਦਿਆਂ ਇਨਸਾਫ ਦੇਣ ਦਾ ਵਾਅਦਾ ਕੀਤਾ ਹੈ | ਸਰਪੰਚ ਸੁਰਜੀਤ ਸਿੰਘ ਨੇ ਬੀਤੀ ਰਾਤ ਗਰਿੱਡ 'ਤੇ ਜਾਣ ਦੀ ਪੁਸ਼ਟੀ ਕਰਦਿਆਂ ਉਕਤ ਮੁਲਾਜ਼ਮ ਵਲੋਂ ਗਾਲੀ ਗਲੋਚ ਤੇ ਕੁੱਟਮਾਰ ਦੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਲਾਈਟ ਛਡਵਾਉਣ ਲਈ ਗਰਿੱਡ 'ਤੇ ਜ਼ਰੂਰ ਗਏ ਸਨ | ਉਨ੍ਹਾਂ ਉਲਟਾ ਉਕਤ ਮੁਲਾਜ਼ਮ ਗੁਰਮੇਲ ਸਿੰਘ ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਵਿਅਕਤੀ ਨਸ਼ੇ ਦਾ ਆਦੀ ਹੈ ਜਿਸ ਦੀ ਸ਼ਬਦਾਵਲੀ ਅਤਿ ਘਟੀਆ ਦਰਜੇ ਦੀ ਹੈ | ਉਨ੍ਹਾਂ ਕਿਹਾ ਕਿ ਮੇਰੇ ਨਾਲ ਗਏ ਮੇਰੇ ਸਾਥੀ ਸੰਦੀਪ ਸਿੰਘ, ਬਲਾਕ ਸੰਮਤੀ ਮੈਂਬਰ ਅਤੇ ਦੋ ਪੰਚਾਇਤ ਮੈਂਬਰ ਇਸ ਗੱਲ ਦਾ ਗਵਾਹ ਹਨ ਕਿ ਅਸੀਂ ਉਸ ਦੀ ਕੋਈ ਕੁੱਟ ਮਾਰ ਨਹੀਂ ਕੀਤੀ | ਥਾਣਾ ਸਮਾਲਸਰ ਦੀ ਪੁਲਿਸ ਨੇ ਇਸ ਘਟਨਾ ਦੀ ਫ਼ੋਨ 'ਤੇ ਜਾਣਕਾਰੀ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਕਿਸੇ ਵੀ ਧਿਰ ਦੀ ਕੋਈ ਲਿਖਤੀ ਦਰਖਾਸਤ ਨਹੀਂ ਪਹੁੰਚੀ | ਲਿਖਤੀ ਦਰਖਾਸਤ ਪਹੁੰਚਣ 'ਤੇ ਹੀ ਉਹ ਅਗਲੇਰੀ ਕਾਰਵਾਈ ਕਰਨਗੇ |