ਮੋਗਾ, 27 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਜੇਲ੍ਹ ਵਿਚ ਬੰਦ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ ਦੀ ਜੇਲ੍ਹ ਵਿਚੋਂ ਬਾਹਰ ਆਈ ਆਡੀਓ ਦਾ ਗੰਭੀਰ ਨੋਟਿਸ ਲਿਆ ਹੈ ਜਿਸ ਵਿਚ ਪ੍ਰਧਾਨ ਮੰਤਰੀ ਬਾਜੇਕੇ ਨੇ ਜੇਲ੍ਹ ਸਟਾਫ਼ ਉੱਪਰ ਮਾਨਸਿਕ ਤਸ਼ੱਦਦ ਕਰਨ ਦੇ ਦੋਸ਼ ਲਾਏ ਹਨ | ਪਾਰਟੀ ਦੇ ਹਲਕਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ ਤੇ ਇੱਥੇ ਕਾਨੂੰਨ ਸਭ ਲਈ ਇਕ ਹੈ | ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਬਾਜੇਕੇ ਨੇ ਆਡੀਓ ਵਿਚ ਆਪਣੇ ਉੱਪਰ ਹੁੰਦੇ ਕਥਿਤ ਤਸ਼ੱਦਦ ਦਾ ਜ਼ਿਕਰ ਕੀਤਾ ਹੈ, ਉਹ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਾਜੇਕੇ ਉੱਪਰ ਜਿਹੜਾ ਕੇਸ ਚੱਲ ਰਿਹਾ ਹੈਸ ਉਸ ਦੀ ਸੁਣਵਾਈ ਬਕਾਇਦਾ ਤੌਰ 'ਤੇ ਅਦਾਲਤ ਵਿਚ ਹੋ ਰਹੀ ਹੈ ਤੇ ਅਜਿਹੇ ਵਿਚ ਨਿਆਇਕ ਹਿਰਾਸਤ ਦੌਰਾਨ ਕਿਸੇ ਵਿਅਕਤੀ ਨੂੰ ਮਾਨਸਿਕ ਤੌਰ 'ਤੇ ਪਰੇਸ਼ਾਨ ਕਰਨਾ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੇ ਤੁਲ ਹੈ | ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਬਾਜੇਕੇ ਕਿਸੇ ਵੀ ਤਰ੍ਹਾਂ ਨਾਲ ਮਾਨਸਿਕ ਜਾਂ ਸਰੀਰਕ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜ਼ਿੰਮੇਵਾਰੀ ਜੇਲ੍ਹ ਸਟਾਫ਼ ਤੇ ਪੰਜਾਬ ਸਰਕਾਰ ਦੀ ਹੋਵੇਗੀ | ਉਨ੍ਹਾਂ ਮੰਗ ਕੀਤੀ ਕਿ ਬਾਜੇਕੇ ਵਲੋਂ ਲਗਾਏ ਗਏ ਦੋਸ਼ਾਂ ਦੀ ਪੰਜਾਬ ਸਰਕਾਰ ਨੂੰ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ |
ਪ੍ਰਧਾਨ ਮੰਤਰੀ ਬਾਜੇਕੇ ਦੀ ਜੇਲ੍ਹ 'ਚੋਂ ਬਾਹਰ ਆਈ ਆਡੀਓ ਨੇ ਪੰਜਾਬ ਸਰਕਾਰ ਉੱਪਰ ਗੰਭੀਰ ਸਵਾਲ ਖੜ੍ਹੇ ਕੀਤੇ-ਸੋਸਣ <br/>
ਅਜੀਤ ਡੈਸਕ
28-04-2026