ਮੋਗਾ, 27 ਅਪ੍ਰੈਲ (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ਵਿਖੇ ਕਾਲਜ ਰਿਸਰਚ ਵਿੰਗ ਵਲੋਂ ਵਿਸ਼ਵ ਬੌਧਿਕ ਸੰਪਤੀ ਅਧਿਕਾਰ ਦਿਵਸ ਮੌਕੇ ਬੌਧਿਕ ਰਚਨਾਵਾਂ ਤੇ ਸੰਬੰਧਿਤ ਕਾਨੂੰਨੀ ਅਧਿਕਾਰਾਂ ਦੀ ਸੁਰੱਖਿਆ ਵਿਸ਼ੇ ਤਹਿਤ ਜਾਗਰੂਕਤਾ ਪੈਦਾ ਕਰਨ ਲਈ ਵਿਸਥਾਰ ਭਾਸ਼ਣ ਕਰਵਾਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਆਧੁਨਿਕ ਯੁੱਗ 'ਚ ਵਿਦਿਆਰਥੀਆਂ ਦੇ ਨਵੀਨ ਵਿਚਾਰਾਂ ਤੇ ਰਚਨਾਤਮਿਕ ਕੰਮ ਦੀ ਰੱਖਿਆ ਲਈ ਬੌਧਿਕ ਸੰਪਤੀ ਪ੍ਰਤੀ ਜਾਗਰੂਕਤਾ ਜ਼ਰੂਰੀ ਹੈ, ਕਿਉਂਕਿ ਅੱਜ ਦੇ ਡਿਜੀਟਲ ਯੁੱਗ 'ਚ ਇਸ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ | ਡਾ. ਪਲਵਿੰਦਰ ਕੌਰ ਨੇ ਕਿਹਾ ਕਿ ਬੌਧਿਕ ਸੰਪਤੀ ਉਹ ਅਧਿਕਾਰ ਹਨ ਜੋ ਕਿਸੇ ਵਿਅਕਤੀ ਦੀ ਸੋਚ, ਰਚਨਾਤਮਿਕਤਾ ਤੇ ਨਵੀਨਤਾ ਨਾਲ ਜੁੜੇ ਹੁੰਦੇ ਹਨ | ਸਹਾਇਕ ਪ੍ਰੋਫੈਸਰ ਡਾ. ਸਵਾਤੀ ਮਿੱਤਲ ਨੇ ਪੇਟੈਂਟ, ਕਾਪੀ-ਰਾਈਟ, ਟ੍ਰੇਡਮਾਰਕ ਤੇ ਡਿਜ਼ਾਈਨ ਆਦਿ ਮੁੱਖ ਪਹਿਲੂਆਂ ਬਾਰੇ ਦੱਸਦਿਆਂ ਕਿਹਾ ਕਿ ਬੌਧਿਕ ਸੰਪਤੀ ਦਾ ਮੂਲ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ | ਜਦੋਂ ਰਚਨਾ ਕਾਰਾਂ ਨੂੰ ਆਪਣੇ ਕੰਮ ਦੀ ਸੁਰੱਖਿਆ ਮਿਲਦੀ ਹੈ | ਉਹ ਹੋਰ ਨਵੇਂ ਵਿਚਾਰ ਪੈਦਾ ਕਰਨ ਲਈ ਪ੍ਰੇਰਿਤ ਹੁੰਦੇ ਹਨ | ਇਸ ਨਾਲ ਸਮਾਜ ਤੇ ਆਰਥਿਕਤਾ ਦੋਵਾਂ ਨੂੰ ਲਾਭ ਹੁੰਦਾ ਹੈ | ਡਾ. ਬਲਜੀਤ ਕੌਰ ਨੇ ਧੰਨਵਾਦ ਕੀਤਾ |