ਬਾਘਾ ਪੁਰਾਣਾ, 28 ਅਪ੍ਰੈਲ (ਟਿੰਕੂ ਕਾਠਪਾਲ)-ਕਣਕ ਦਾ ਸੀਜ਼ਨ ਲਗਭਗ ਖ਼ਤਮ ਹੋਣ 'ਤੇ ਹੈ, ਪਰ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿਚ ਅਜੇ ਵੀ ਕਣਕ ਦੀ ਚੁਕਵਾਈ ਤੇ ਲਹਾਈ ਦੇ ਪ੍ਰਬੰਧ ਨਾਕਾਫ਼ੀ ਸਾਬਤ ਹੋ ਰਹੇ ਹਨ | ਖ਼ਾਸ ਕਰਕੇ ਮੁੱਖ ਅਨਾਜ ਮੰਡੀ ਬਾਘਾ ਪੁਰਾਣਾ ਵਿਚ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ, ਜਿੱਥੇ ਕਣਕ ਦੀਆਂ ਬੋਰੀਆਂ ਦੇ ਵੱਡੇ ਅੰਬਾਰ ਲੱਗ ਚੁੱਕੇ ਹਨ ਤੇ ਉਨ੍ਹਾਂ ਦੀ ਸਮੇਂ ਸਿਰ ਉਠਾਈ ਨਾ ਹੋਣ ਕਾਰਨ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ | ਮਾਰਕੀਟ ਕਮੇਟੀ ਅਧੀਨ ਪੈਂਦੀਆਂ ਹੋਰ ਮੰਡੀਆਂ ਵਿਚ ਵੀ ਹਾਲਾਤ ਵੱਖਰੇ ਨਹੀਂ ਹਨ | ਇਨ੍ਹਾਂ ਮੰਡੀਆਂ ਵਿਚ ਵੀ ਕਣਕ ਦੀ ਚੁਕਵਾਈ ਦੀ ਰਫ਼ਤਾਰ ਬਹੁਤ ਹੌਲੀ ਹੈ, ਜਿਸ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਦੋਵਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀਆਂ 'ਚ ਬੋਰੀਆਂ ਦੇ ਢੇਰ ਵਧਣ ਨਾਲ ਸਟੋਰੇਜ ਦੀ ਕਮੀ ਵੀ ਮਹਿਸੂਸ ਕੀਤੀ ਜਾ ਰਹੀ ਹੈ | ਦੂਜੇ ਪਾਸੇ ਮੰਡੀਆਂ ਦੇ ਪਲੰਥਾਂ 'ਤੇ ਟਰੱਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ | ਡਰਾਈਵਰਾਂ ਨੂੰ ਘੰਟਿਆਂ ਤੱਕ ਆਪਣੀ ਵਾਰੀ ਦੀ ਉਡੀਕ ਕਰਨੀ ਪੈ ਰਹੀ ਹੈ, ਜਿਸ ਨਾਲ ਟਰਾਂਸਪੋਰਟ ਪ੍ਰਬੰਧ ਵੀ ਬੇਹਾਲ ਦਿਖਾਈ ਦੇ ਰਹੇ ਹਨ | ਟਰੱਕਾਂ ਦੀ ਸੁਸਤ ਆਵਾਜਾਈ ਕਾਰਨ ਕਣਕ ਦੀ ਲੋਡਿੰਗ ਪ੍ਰਕਿਰਿਆ ਵੀ ਬਹੁਤ ਧੀਮੀ ਹੋ ਗਈ ਹੈ | ਆੜ੍ਹਤੀਆਂ ਦਾ ਕਹਿਣਾ ਹੈ ਕਿ ਸੀਜ਼ਨ ਦੀ ਸ਼ੁਰੂਆਤ ਵਿਚ ਠੇਕੇਦਾਰਾਂ ਤੇ ਸੰਬੰਧਿਤ ਵਿਭਾਗਾਂ ਵਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਚੁਕਵਾਈ ਦੇ ਸਾਰੇ ਪ੍ਰਬੰਧ ਸਮੇਂ ਸਿਰ ਠੀਕ ਕਰ ਲਏ ਜਾਣਗੇ, ਪਰ ਅਮਲੀ ਤੌਰ 'ਤੇ ਅਜਿਹਾ ਨਹੀਂ ਹੋਇਆ | ਹੁਣ ਜਦੋਂ ਸੀਜ਼ਨ ਖ਼ਤਮ ਹੋਣ ਦੇ ਨੇੜੇ ਹੈ, ਤਦ ਵੀ ਹਾਲਾਤ ਪਹਿਲਾਂ ਵਰਗੇ ਹੀ ਹਨ, ਜਿਸ ਕਾਰਨ ਉਨ੍ਹਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ | ਇਸ ਤੋਂ ਇਲਾਵਾ ਮੌਸਮ ਦੀ ਮਾਰ ਵੀ ਆੜ੍ਹਤੀਆਂ ਅਤੇ ਕਿਸਾਨਾਂ ਲਈ ਚਿੰਤਾ ਦਾ ਵੱਡਾ ਕਾਰਨ ਬਣੀ ਹੋਈ ਹੈ | ਅਸਮਾਨ 'ਚ ਮੰਡਰਾ ਰਹੇ ਬੱਦਲ ਮੀਂਹ ਦੇ ਸੰਕੇਤ ਦੇ ਰਹੇ ਹਨ | ਜੇਕਰ ਮੀਂਹ ਪੈ ਜਾਂਦਾ ਹੈ ਤਾਂ ਖੁੱਲ੍ਹੇ ਵਿਚ ਪਈ ਕਣਕ ਨੂੰ ਨੁਕਸਾਨ ਪਹੁੰਚਣ ਦਾ ਡਰ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਘਾਟਾ ਹੋ ਸਕਦਾ ਹੈ | ਦੂਜੇ ਪਾਸੇ ਤਿੱਖੀ ਧੁੱਪ ਕਾਰਨ ਕਣਕ ਦੇ ਵੱਧ ਸੁੱਕਣ ਨਾਲ ਉਸ ਦਾ ਵਜ਼ਨ ਘਟਣ ਦਾ ਖ਼ਤਰਾ ਵੀ ਮੌਜੂਦ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ 'ਤੇ ਪੈਂਦਾ ਹੈ | ਸਥਾਨਕ ਆੜ੍ਹਤੀਆਂ ਅਤੇ ਕਿਸਾਨਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਕਣਕ ਦੀ ਤੁਰੰਤ ਚੁਕਵਾਈ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ | ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਨੂੰ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰ ਸਕਦੀ ਹੈ | ਕੁੱਲ ਮਿਲਾ ਕੇ ਬਾਘਾ ਪੁਰਾਣਾ ਖੇਤਰ ਦੀਆਂ ਮੰਡੀਆਂ ਵਿਚ ਕਣਕ ਦੀ ਚੁਕਵਾਈ ਤੇ ਲਹਾਈ ਦੀ ਸੁਸਤ ਗਤੀ ਕਾਰਨ ਪੈਦਾ ਹੋਈ ਇਹ ਸਥਿਤੀ ਪ੍ਰਸ਼ਾਸਨ ਲਈ ਵੱਡੀ ਚੁਨੌਤੀ ਬਣ ਚੁੱਕੀ ਹੈ, ਜਿਸ ਦਾ ਤੁਰੰਤ ਹੱਲ ਲੱਭਣਾ ਸਮੇਂ ਦੀ ਮੰਗ ਹੈ | ਇਸ ਸਬੰਧੀ ਜਾਣਕਾਰੀ ਲੈਣ ਲਈ ਐਸ.ਡੀ.ਐਮ. ਬਾਘਾ ਪੁਰਾਣਾ ਫ਼ੋਨ ਕੀਤਾ ਤਾਂ ਉਨ੍ਹਾਂ ਲਿਫ਼ਟਿੰਗ ਕਰਨ ਵਾਲੇ ਠੇਕੇਦਾਰਾਂ ਨਾਲ ਗੱਲ ਕਰਕੇ ਜਾਣਕਾਰੀ ਸਾਂਝੀ ਕਰਨ ਦੀ ਗੱਲ ਕਹੀ ਪਰ ਦੂਸਰਾ ਦਿਨ ਬੀਤਣ ਦੇ ਬਾਵਜੂਦ ਵੀ ਕੋਈ ਵੀ ਉਨ੍ਹਾਂ ਵਲੋਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ |