ਮੋਗਾ, 28 ਅਪ੍ਰੈਲ (ਸੁਰਿੰਦਰਪਾਲ ਸਿੰਘ)-ਗਰਮੀ ਕਾਰਨ ਤਾਪਮਾਨ 'ਚ ਜੋ ਵਾਧਾ ਹੋਇਆ ਹੈ, ਇਸ ਨਾਲ ਵਿਦਿਆਰਥੀਆਂ ਦੀ ਸਿਹਤ ਉੱਤੇ ਨਕਾਰਾਤਮਿਕ ਅਸਰ ਪੈ ਸਕਦਾ ਹੈ, ਜਿਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਹਿੱਤ ਵਿਚ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹਾ ਮੋਗਾ ਦੇ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਨੂੰ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ ਹਨ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਇਨ੍ਹਾਂ ਹਦਾਇਤਾਂ 'ਚ ਕਿਹਾ ਕਿ ਗਰਮੀ ਦੀ ਲਹਿਰ (ਹੀਟ ਵੇਵ) ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਦੇ ਸਮੂਹ ਸਕੂਲਾਂ 'ਚ ਹਰ ਘੰਟੇ ਬਾਅਦ ਪਾਣੀ ਪੀਣ ਲਈ ਲਾਜ਼ਮੀ ਵਾਟਰ ਬਰੇਕ/ਘੰਟੀ ਹੋਵੇਗੀ ਤਾਂ ਜੋ ਸਮੂਹ ਵਿਦਿਆਰਥੀਆਂ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਵਿਦਿਆਰਥੀਆਂ ਨੂੰ ਨਿਯਮਿਤ ਤੌਰ 'ਤੇ ਸਹੀ ਮਾਤਰਾ ਵਿਚ ਪਾਣੀ ਪੀਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਲੰਬੇ ਸਮੇਂ ਤੱਕ ਗਰਮੀ ਦੇ ਸੰਪਰਕ ਵਿਚ ਨਾ ਰਹਿਣ | ਸਵੇਰ ਦੀਆਂ ਸਭਾਵਾਂ, ਬਾਹਰੀ ਗਤੀਵਿਧੀਆਂ ਤੇ ਉੱਚ ਗਰਮੀ ਵਾਲੇ ਸਮੇਂ ਦੌਰਾਨ ਹੋਣ ਵਾਲੀਆਂ ਸਰੀਰਕ ਕਸਰਤਾਂ ਨੂੰ ਘਟਾਇਆ ਜਾਵੇ ਜਾਂ ਦਿਨ ਦੇ ਠੰਢੇ ਸਮਿਆਂ ਵਿਚ ਤਬਦੀਲ ਕੀਤਾ ਜਾਵੇ ਤੇ ਸੰਭਵ ਹੋਵੇ ਤਾਂ ਸਿੱਧੀ ਧੁੱਪ ਤੋਂ ਵਿਦਿਆਰਥੀਆਂ ਨੂੰ ਬਚਾਇਆ ਜਾਵੇ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਐਲੀਮੈਂਟਰੀ), ਸਮੂਹ ਬੀ.ਪੀ.ਈ.ਓ., ਸਮੂਹ ਪ੍ਰਾਈਵੇਟ ਸਕੂਲਾਂ/ਕਾਲਜਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰਕੇ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਬਾਰੇ ਲਿਖਿਆ ਹੈ |