ਮੋਗਾ, 28 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਉਣ ਵਾਲੇ ਸਾਉਣੀ 2026 ਸੀਜ਼ਨ 'ਚ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਦੀ ਸਪਲਾਈ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਸਮੂਹ ਖਾਦ ਸਪਲਾਈ ਕੰਪਨੀਆਂ ਦੇ ਨੁਮਾਇੰਦਿਆਂ ਦੀ ਅਹਿਮ ਮੀਟਿੰਗ ਬੁਲਾਈ | ਮੀਟਿੰਗ 'ਚ ਉਨ੍ਹਾਂ ਨਾਲ ਖੇਤੀਬਾੜੀ ਵਿਭਾਗ ਦੇ ਨੁਮਾਇੰਦੇ ਵੀ ਹਾਜ਼ਰ ਸਨ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੇਖਣ 'ਚ ਆਇਆ ਹੈ ਕਿ ਸਾਉਣੀ ਸੀਜ਼ਨ ਲਈ ਯੂਰੀਆ, ਡੀ.ਏ.ਪੀ., ਪੁਟਾਸ਼, ਸਿੰਗਲ ਸੁਪਰ ਫਾਸਫੇਟ ਤੇ ਹੋਰ ਖਾਦਾਂ ਦੀ ਸਪਲਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਤੇ ਸਟਾਕ ਵੀ ਲੋੜੀਂਦੀ ਮਾਤਰਾ ਵਿਚ ਉਪਲਬਧ ਹੈ, ਜ਼ਿਲ੍ਹੇ ਵਿਚ ਖਾਦਾਂ ਦੀ ਕੋਈ ਕਮੀ ਨਹੀਂ ਆਵੇਗੀ | ਉਨ੍ਹਾਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਨੁਸਾਰ ਝੋਨੇ 'ਚ 110 ਕਿੱਲੋ ਯੂਰੀਆ ਪ੍ਰਤੀ ਏਕੜ, ਮੱਕੀ ਵਿਚ 110 ਕਿੱਲੋ ਪ੍ਰਤੀ ਏਕੜ ਤੇ ਹੋਰ ਫ਼ਸਲਾਂ ਵਿਚ ਵੀ ਮਿੱਟੀ ਪਰਖ ਦੇ ਆਧਾਰ 'ਤੇ ਹੀ ਪਾਉਣ | ਜ਼ਿਆਦਾ ਯੂਰੀਆ ਤੇ ਹੋਰ ਖਾਦਾਂ ਦੀ ਵਰਤੋਂ ਨਾਲ ਖੇਤੀ ਖ਼ਰਚਾ ਵਧਦਾ ਹੈ, ਫ਼ਸਲਾਂ ਤੇ ਕੀੜੇ-ਮਕੌੜੇ ਦਾ ਹਮਲਾ ਵੱਧ ਹੁੰਦਾ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨ ਹਰੀ ਖਾਦ ਜਿਵੇਂ ਜੰਤਰ, ਮੂੰਗੀ ਆਦਿ ਦੀ ਵਰਤੋਂ ਕਰਨ ਤਾਂ ਜੋ ਯੂਰੀਆ ਤੇ ਹੋਰ ਨਾਈਟਰੋਜਨ ਖਾਦਾਂ ਦੀ ਬੇਲੋੜੀ ਖਪਤ ਨੂੰ ਘਟਾਇਆ ਜਾ ਸਕੇ | ਡਿਪਟੀ ਕਮਿਸ਼ਨਰ ਵਲੋਂ ਸਮੂਹ ਖਾਦ ਕੰਪਨੀਆਂ ਨੂੰ ਖਾਦਾਂ ਦੇ ਨਾਲ ਹੋਰ ਖੇਤੀ ਸਮੱਗਰੀ ਦੀ ਟੈਗਿੰਗ ਨਾ ਕਰਨ ਦੀ ਵੀ ਸਖ਼ਤ ਹਦਾਇਤ ਕੀਤੀ | ਮੀਟਿੰਗ ਵਿਚ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਅੰਮਿ੍ਤਪਾਲ ਸਿੰਘ, ਡਾ. ਗੁਰਲਵਲੀਨ ਸਿੰਘ ਸਿੱਧੂ ਖਾਦ ਅਫ਼ਸਰ, ਡਾ. ਸੁਖਰਾਜ ਕੌਰ ਖੇਤੀਬਾੜੀ ਅਫ਼ਸਰ, ਡਾ. ਬਲਜਿੰਦਰ ਸਿੰਘ ਖੇਤੀਬਾੜੀ ਅਫ਼ਸਰ ਮੋਗਾ, ਗੁਰਜੋਤ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਮੋਗਾ, ਡੀ.ਐਮ. ਮਾਰਕਫੈਡ ਸਚਿਨ ਗਰਗ ਆਦਿ ਸ਼ਾਮਿਲ ਸਨ |