ਮੋਗਾ, 1 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਧਾਨ ਸਭਾ ਵਿਚ ਲੜਖੜਾਈ ਜੀਭ ਨੇ ਸਾਬਤ ਕਰ ਦਿੱਤਾ ਕੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੀ ਮਾਣ-ਮਰਿਆਦਾ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ | ਇਹ ਪ੍ਰਗਟਾਵਾ ਕਰਦਿਆਂ ਅਕਾਲੀ ਦਲ-ਵਾਰਿਸ ਪੰਜਾਬ ਦੇ ਹਲਕਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇ ਸ਼ਰੇਆਮ ਮੁੱਖ ਮੰਤਰੀ ਉੱਪਰ ਸ਼ਰਾਬ ਪੀਣ ਦੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਕਿ ਜਦੋਂ ਭਗਵੰਤ ਮਾਨ ਉੱਪਰ ਸ਼ਰਾਬ ਪੀ ਕੇ ਵਿਧਾਨ ਸਭਾ ਜਾਂ ਜਨਤਕ ਥਾਵਾਂ ਉੱਪਰ ਸਰਕਾਰੀ ਪੱਧਰ ਉੱਪਰ ਕੀਤੇ ਜਾਣ ਵਾਲੇ ਸਮਾਗਮਾਂ ਕਵਚ ਹਿੱਸਾ ਲੈਣ ਦੇ ਦੋਸ਼ ਲੱਗੇ ਹਨ | ਉਨ੍ਹਾਂ ਕਿਹਾ ਕਿ ਜਿਸ ਸੂਬੇ ਦੇ ਮੁੱਖ ਮੰਤਰੀ ਦੇ ਇਸ ਤਰ੍ਹਾਂ ਦੇ ਹਾਲਾਤ ਹੋਣ ਉਸ ਸੂਬੇ ਦੀ ਆਰਥਿਕ, ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਤਰੱਕੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ |