ਮੋਗਾ, 2 ਮਈ (ਸੁਰਿੰਦਰਪਾਲ ਸਿੰਘ)-ਕਮਲ ਅਰੋੜਾ ਅਪੈਕਸ ਮੈਂਬਰ ਪੰਜਾਬ ਕਿ੍ਕਟ ਐਸੋਸੀਏਸ਼ਨ ਮੋਹਾਲੀ ਨੇ ਦੱਸਿਆ ਕਿ ਮੋਗਾ ਅੰਡਰ-16 ਟੀਮ ਨੇ ਦੇਸ਼ ਭਗਤ ਕਾਲਜ ਗਰਾਊਾਡ ਡਗਰੂ (ਮੋਗਾ) ਵਿਚ ਖੇਡੇ ਗਏ ਪੰਜਾਬ ਸਟੇਟ ਇੰਟਰ ਡਿਸਟਿ੍ਕਟ ਅੰਡਰ-16 ਮਲਟੀ ਡੇ ਟੂਰਨਾਮੈਂਟ 2026-27 ਦੇ ਸੈਮੀਫਾਈਨਲ ਮੁਕਾਬਲੇ ਵਿਚ ਹੁਸ਼ਿਆਰਪੁਰ ਅੰਡਰ-16 ਨੂੰ 274 ਦੌੜਾਂ ਦੇ ਵੱਡੇ ਅੰਤਰ ਨਾਲ ਹਰਾ ਕੇ ਸ਼ਾਨਦਾਰ ਢੰਗ ਨਾਲ ਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ | ਮੋਗਾ ਨੇ ਪਹਿਲੀ ਪਾਰੀ ਵਿਚ 188 ਰਨ ਬਣਾਏ, ਜਿਸ ਵਿਚ ਆਯਾਨ ਮਹਿੰਦਰੂ ਨੇ 68 ਰਨਾਂ ਦੀ ਮਹੱਤਵਪੂਰਨ ਪਾਰੀ ਖੇਡੀ, ਜਦਕਿ ਕੇਸ਼ਵ ਸ਼ਰਮਾ (29) ਅਤੇ ਤਨਰਾਜ ਸਿੰਘ ਸਾਂਘਾ (19) ਨੇ ਵੀ ਅਹਿਮ ਯੋਗਦਾਨ ਦਿੱਤਾ | ਇਸ ਦੇ ਜਵਾਬ ਵਿਚ ਹੁਸ਼ਿਆਰਪੁਰ ਦੀ ਟੀਮ ਮੋਗਾ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕੀ ਅਤੇ ਸਿਰਫ਼ 77 ਰਨਾਂ 'ਤੇ ਆਲ-ਆਊਟ ਹੋ ਗਈ, ਜਿੱਥੇ ਗਾਵਿਨ ਕੋਹਲੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ | ਦੂਜੀ ਪਾਰੀ ਵਿਚ ਮੋਗਾ ਨੇ ਮੈਚ 'ਤੇ ਪੂਰੀ ਪਕੜ ਬਣਾਈ ਰੱਖੀ, ਜਿੱਥੇ ਗੁਰਮਿੰਦਰਦੀਪ ਸਿੰਘ ਮਹਤਾ ਨੇ 195 ਰਨਾਂ ਦੀ ਬੇਮਿਸਾਲ ਅਤੇ ਮੈਚ ਜਿਤਾਊ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ | ਉਨ੍ਹਾਂ ਨੂੰ ਸਾਕਸ਼ਮ ਜੈਨ (32) ਅਤੇ ਕੇਸ਼ਵ ਸ਼ਰਮਾ (34) ਦਾ ਵੀ ਵਧੀਆ ਸਾਥ ਮਿਲਿਆ ਅਤੇ ਮੋਗਾ ਨੇ 357 ਰਨਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ | ਵੱਡੇ ਟਾਰਗੈਟ ਦਾ ਪਿੱਛਾ ਕਰਦਿਆਂ ਹੁਸ਼ਿਆਰਪੁਰ ਵਲੋਂ ਯੁਗ ਗਰੋਵਰ (57) ਅਤੇ ਮਨਕਰਨ ਸਿੰਘ (45) ਨੇ ਕੁਝ ਸੰਘਰਸ਼ ਕੀਤਾ, ਪਰ ਮੋਗਾ ਦੀ ਕਾਬਿਲ-ਏ-ਤਾਰੀਫ਼ ਗੇਂਦਬਾਜ਼ੀ ਦੇ ਸਾਹਮਣੇ ਟੀਮ 194 ਰਨਾਂ 'ਤੇ ਆਊਟ ਹੋ ਗਈ | ਗਾਵਿਨ ਕੋਹਲੀ ਨੇ ਪੂਰੇ ਮੈਚ ਵਿਚ 8 ਵਿਕਟਾਂ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਦਕਿ ਕੇਸ਼ਵ ਸ਼ਰਮਾ ਨੇ 3 ਵਿਕਟਾਂ ਆਪਣੇ ਨਾਂਅ ਕੀਤੀਆਂ | ਇਸ ਜਿੱਤ ਨਾਲ ਮੋਗਾ ਅੰਡਰ-16 ਟੀਮ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਕਮਾਲ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ | ਟੀਮ ਪੂਰੇ ਵਿਸ਼ਵਾਸ ਅਤੇ ਉਤਸ਼ਾਹ ਨਾਲ ਫਾਈਨਲ ਵਿਚ ਦਾਖ਼ਲ ਹੋਈ | ਇਸ ਮੌਕੇ ਪੈਟਰਨ ਡਾ. ਸੰਜੀਵ ਕੁਮਾਰ ਸੈਣੀ, ਪ੍ਰਧਾਨ ਰਵਿੰਦਰ ਸਿੰਘ, ਪ੍ਰਦੀਪ ਮੋਂਗਾ, ਸਨੀ ਮਨਚੰਦਾ, ਕੋਚ ਮਨਜੀਤ ਕੁਮਾਰ, ਕਪਿਲ ਦੇਵ, ਹਰਸਿਮਰਨ ਸਿੰਘ ਮੋਹਨ ਸੁੰਦਰ ਦਾਸ, ਡਾ. ਸ਼ਮਸ਼ੇਰ ਸਿੰਘ ਅਤੇ ਆਰ.ਕੇ. ਜਿੰਦਲ ਆਦਿ ਮੌਜੂਦ ਸਨ |