ਮੋਗਾ, 3 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਲਵਾਰਿਸ ਕੁੱਤਿਆਂ ਦੀ ਭਰਮਾਰ ਪੂਰੀ ਦੇਸ਼ ਵਿਆਪੀ ਹੈ ਤੇ ਇਸ ਨੂੰ ਕੰਟਰੋਲ ਕਰਨ ਲਈ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰਾਂ ਇਸ ਦਾ ਢੁਕਵਾਂ ਹੱਲ ਕੱਢ ਸਕੀਆਂ | ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿਚ ਲਵਾਰਿਸ ਕੁੱਤੇ ਐਨੀ ਤੇਜ਼ੀ ਨਾਲ ਵੱਧ ਰਹੇ ਹਨ ਕਿ ਹਰ ਗਲੀ ਮੁਹੱਲੇ, ਸ਼ਹਿਰ ਵਿਚ ਕੁੱਤਿਆਂ ਦੇ ਝੁੰਡ ਹੀ ਝੁੰਡ ਨਜ਼ਰ ਆਉਂਦੇ ਹਨ ਤੇ ਕਈ ਵਾਰ ਉਹ ਕਿਸੇ ਨਾ ਕਿਸੇ ਰਾਹਗੀਰ ਨੂੰ ਜਾਂ ਮੁਹੱਲਾ ਵਾਸੀਆਂ ਨੂੰ ਕੱਟ ਲੈਂਦੇ ਹਨ ਤੇ ਇਹ ਲਵਾਰਿਸ ਕੁੱਤੇ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ ਤੇ ਲੋਕ ਲਵਾਰਿਸ ਕੁੱਤਿਆਂ ਦੀ ਦਹਿਸ਼ਤ ਦੇ ਛਾਏ ਥੱਲੇ ਜਿਊਣ ਲਈ ਮਜਬੂਰ ਹਨ ਤੇ ਇਹ ਲਵਾਰਿਸ ਕੁੱਤਿਆਂ ਕਾਰਨ ਆਏ ਦਿਨ ਸੜਕੀ ਹਾਦਸੇ ਵਾਪਰਦੇ ਹਨ ਤੇ ਇਹ ਜਾਨੀ ਤੇ ਮਾਲੀ ਨੁਕਸਾਨ ਦਾ ਕਾਰਨ ਵੀ ਬਣਦੇ ਹਨ ਜਿਸ ਦੀ ਤਾਜ਼ਾ ਮਿਸਾਲ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਦੇ ਨੌਜਵਾਨ ਗੁਰਮੇਲ ਸਿੰਘ ਦੇ ਮੋਟਰਸਾਈਕਲ ਅੱਗੇ ਲਵਾਰਿਸ ਜਾਨਵਰ ਆ ਜਾਣ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਹ ਲੁਧਿਆਣਾ ਦੇ ਦਇਆਨੰਦ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਜੇਰੇ ਇਲਾਜ ਹੈ ਤੇ ਅਜਿਹੇ ਹਾਦਸੇ ਰੋਜ਼ਮਰ੍ਹਾ ਹੀ ਵਾਪਰਦੇ ਹਨ | ਜਿਸ ਦੌਰਾਨ ਮਾਸੂਮ ਬੱਚੇ ਤੇ ਬਜ਼ੁਰਗ ਵੀ ਲਵਾਰਿਸ ਕੁੱਤਿਆਂ ਦਾ ਸ਼ਿਕਾਰ ਹੁੰਦੇ ਹਨ ਤੇ ਹੁਣ ਤੱਕ ਅਨੇਕਾਂ ਮਾਸੂਮ ਬੱਚੇ ਲਵਾਰਿਸ ਕੁੱਤਿਆਂ ਕਾਰਨ ਮੌਤ ਦੇ ਮੂੰਹ ਜਾ ਰਹੇ ਹਨ ਜਦ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦਾ ਇਸ ਵੱਲ ਰੱਤੀ ਭਰ ਵੀ ਧਿਆਨ ਨਹੀਂ | ਬੀਤੇ ਮਹੀਨਿਆਂ ਵਿਚ ਘੁੰਮ ਰਹੇ ਲਵਾਰਿਸ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਕੁੱਤਿਆਂ ਦੀ ਨਸਬੰਦੀ ਦੀ ਇਕ ਮੁਹਿੰਮ ਚਲਾਈ ਸੀ ਪਰ ਇਹ ਮੁਹਿੰਮ ਵੀ ਕੁਝ ਦਿਨ ਚੱਲ ਕੇ ਠੁੱਸ ਹੋ ਗਈ ਤੇ ਲਵਾਰਿਸ ਕੁੱਤਿਆਂ ਨੂੰ ਕੰਟਰੋਲ ਕਰਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੀ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਇਆ ਹੈ | ਇਨ੍ਹਾਂ ਲਵਾਰਿਸ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਇਸ ਪਾਸੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਪੂਰੀ ਤਰ੍ਹਾਂ ਸੁਚੇਤ ਹੋ ਕੇ ਕੰਮ ਕਰਨਾ ਹੋਵੇਗਾ ਤੇ ਇਨ੍ਹਾਂ ਲਵਾਰਿਸ ਕੁੱਤਿਆਂ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਦੀ ਨਸਬੰਦੀ ਕਰਨ ਦੀ ਯੋਜਨਾ ਜ਼ਮੀਨੀ ਪੱਧਰ 'ਤੇ ਤੇਜ਼ ਕੀਤੀ ਜਾਵੇ ਤੇ ਲਵਾਰਿਸ ਘੁੰਮ ਰਹੇ ਲਵਾਰਿਸ ਕੁੱਤਿਆਂ ਲਈ ਡੌਗ ਸਿਲਟਰ ਬਣਾਏ ਜਾਣ ਤਾਂ ਕਿ ਇਨ੍ਹਾਂ ਬੇਜ਼ਬਾਨ ਕੁੱਤਿਆਂ ਨੂੰ ਵੀ ਜਿਊਣ ਲਈ ਚੰਗਾ ਜੀਵਨ ਨਸੀਬ ਹੋਵੇ ਕਿਉਂਕਿ ਜਿੱਥੇ ਲਵਾਰਿਸ ਕੁੱਤੇ ਆਮ ਲੋਕਾਂ ਨੂੰ ਕੱਟਦੇ ਹਨ ਉੱਥੇ ਇਹ ਬੇਜ਼ਬਾਨ ਵੀ ਵੱਡੀ ਤਰਾਸ਼ਦੀ ਭੋਗਦੇ ਨਜ਼ਰ ਆਉਂਦੇ ਹਨ | ਸੂਝਵਾਨ, ਸਮਾਜ ਸੇਵੀ ਤੇ ਧਾਰਮਿਕ ਲੋਕਾਂ ਦਾ ਮੰਨਣਾ ਹੈ ਕਿ ਲਵਾਰਿਸ ਕੁੱਤੇ ਤੇ ਲਵਾਰਿਸ ਪਸ਼ੂਆਂ ਦੇ ਝੁੰਡ ਜਿੱਥੇ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ ਉੱਥੇ ਪ੍ਰਦੂਸ਼ਣ ਤੇ ਗੰਦਗੀ ਫੈਲਾਉਣ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡਦੇ | ਇਸ ਲਈ ਇਨ੍ਹਾਂ ਲਵਾਰਿਸ ਕੁੱਤਿਆਂ ਤੋਂ ਪੂਰੇ ਮੋਗਾ ਜ਼ਿਲ੍ਹੇ ਨੂੰ ਨਿਜਾਤ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਮੋਗਾ ਨੂੰ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ |