(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਸਮਾਂ ਬੀਤਿਆ ਤਾਂ ਇਕ ਵਾਰ ਖਲੀਫ਼ਾ ਅਲਮੂਕਤਾਦਰ ਨੇ ਆਪਣੇ ਦਰਬਾਰ ਵਿਚ ਸੂਫ਼ੀਆਨਾ ਮਹਿਫ਼ਲ ਸਜਾਈ। ਬਾਕੀ ਉੱਚ ਹਸਤੀਆਂ ਸਮੇਤ ਹਜ਼ਰਤ ਜੂਨੈਦ ਨਾਲ ਹਜ਼ਰਤ ਮਨਸੂਰ ਅਲ ਹੱਲਾਜ ਵੀ ਇਸ ਮਹਿਫ਼ਲ ਵਿਚ ਆ ਪਹੁੰਚਿਆ। ਆਪਣੀ ਵਾਰੀ ਆਉਣ 'ਤੇ ਹਜ਼ਰਤ ਮਨਸੂਰ ਨੇ ਆਪਣਾ ਕਲਾਮ ਪੜ੍ਹਿਆ। ਸਭ ਵਾਹ-ਵਾਹ ਕਰ ਉੱਠੇ। ਜਿਉਂ ਹੀ ਕਲਾਮ ਖ਼ਤਮ ਹੋਇਆ ਹਜ਼ਰਤ ਮਨਸੂਰ ਨੇ ਮਹਿਫ਼ਲ ਵਿਚ ਆਪ-ਮੁਹਾਰੇ ਹੀ ਅਨ-ਅਲ-ਹੱਕ ਦਾ ਨਾਹਰਾ ਗੁੰਜਾ ਦਿੱਤਾ। ਹੁਣ ਹਜ਼ਰਤ ਮਨਸੂਰ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਕਿਉਂ ਜੋ ਹੁਣ ਤਾਂ ਸਭ ਕੁੱਝ ਬਗਦਾਦ ਖ਼ਲੀਫ਼ਾ ਦੇ ਸਾਹਮਣੇ ਵਾਪਰਿਆ ਸੀ।
ਇਸ ਘਟਨਾ ਉਪਰੰਤ ਹਜ਼ਰਤ ਜੂਨੈਦ ਨੇ ਮਨਸੂਰ ਨਾਲ ਇਤਰਾਜ਼ ਜਤਾਉਂਦੇ ਹੋਏ ਸਵਾਲ ਖੜ੍ਹਾ ਕੀਤਾ, ਜਦ ਮੈਂ ਤੈਨੂੰ ਕਸਮ-ਏ-ਖੁਦਾ ਖੁਆਈ ਸੀ ਕਿ ਤੂੰ ਮੁੜ ਕਦੇ ਵੀ ਅਨ-ਅਲ-ਹੱਕ ਨਹੀਂ ਕੂਕੇਂਗਾ ਤਾਂ ਤੂੰ ਅਜਿਹਾ ਕਿਵੇਂ ਕਰ ਸਕਦਾ ਏਂ ਕਿ ਤੂੰ ਕਸਮ-ਏ-ਖੁਦਾ ਹੀ ਤੋੜ ਦੇਵੇਂ।
ਅੱਗਿਓਂ ਹਜ਼ਰਤ ਮਨਸੂਰ ਨੇ ਜੋ ਜੁਵਾਬ ਦਿੱਤਾ, ਉਹ ਅੱਜ ਵੀ ਰੂਹਾਨੀ ਆਸ਼ਕਾਂ ਦੇ ਕੰਨਾਂ ਵਿਚ ਗੂੰਜਦਾ ਹੈ।
ਮੇਰੇ ਮੁਰਸ਼ਦ! ਮੈਂ ਤੁਹਾਡੀ ਖੁਆਈ ਹੋਈ ਕਸਮ ਕਿਵੇਂ ਤੋੜ ਸਕਦਾ ਹਾਂ। ਜਿਸ ਨੂੰ ਤੁਸੀਂ ਮਨਸੂਰ ਜਾਣ ਕੇ ਉਸ ਦੁਆਰਾ ਖਾਧੀਆਂ ਕਸਮਾਂ ਯਾਦ ਦਵਾ ਰਹੇ ਓ, ਤੁਹਾਡਾ ਉਹ ਮਨਸੂਰ ਤਾਂ ਕਦੋਂ ਦਾ ਮਿਟ ਗਿਆ ਹੈ। ਇਸ ਅੰਦਰੋਂ ਜੇਕਰ ਹੁਣ ਖੁਦਾ ਆਪ ਹੀ ਅਨ-ਅਲ-ਹੱਕ ਪਿਆ ਆਖੇ ਤਾਂ ਮਨਸੂਰ ਵਿਚਾਰਾ ਕੀ ਕਰੇ?
ਹਜ਼ਰਤ ਮਨਸੂਰ ਦੇ ਅਜਿਹੇ ਜਵਾਬ ਨੇ ਹਜ਼ਰਤ ਜੂਨੈਦ ਨੂੰ ਵੀ ਬੇਵੱਸ ਕਰ ਦਿੱਤਾ।
ਆਖ਼ਰ ਹਜ਼ਰਤ ਮਨਸੂਰ ਦੁਆਰਾ ਖੁਦ ਨੂੰ ਖੁਦਾ ਐਲਾਨ ਦੇਣ, ਘਰ ਵਿਚ ਕਾਅਬਾ ਬਣਾਉਣ, ਆਪਣੇ ਮੁਰਸ਼ਦ ਹਜ਼ਰਤ ਜੂਨੈਦ ਨੂੰ 'ਕਾਅਬਾ' ਜਾਣ, ਉਸ ਦੁਆਲੇ ਪਰਿਕਰਮਾ ਕਰਦੇ ਹੋਏ ਸੱਤ ਹੱਜ ਪੂਰੇ ਕਰਨ ਆਦਿ ਦੋਸ਼ਾਂ ਤਹਿਤ ਸੰਨ 911 ਈ. 'ਚ ਗ੍ਰਿਫਤਾਰ ਕਰ ਲਿਆ ਗਿਆ।
ਹਜ਼ਰਤ ਮਨਸੂਰ ਨੂੰ ਸਜ਼ਾ ਦਿਵਾਉਣ ਲਈ ਅਦਾਲਤ ਵਿਚ ਹੰਬਲੀ ਵਿਚਾਰਧਾਰਾ ਦੇ ਪੈਰੋਕਾਰਾਂ ਨੇ ਮੁੱਖ ਭੁਮਿਕਾ ਨਿਭਾਈ। ਉਨ੍ਹਾਂ ਲਈ ਹਜ਼ਰਤ ਮਨਸੂਰ ਦੀਆਂ ਰੂਹਾਨੀ ਅਤੇ ਰਮਜ਼ਮਈ ਗੱਲਾਂ ਬਰਦਾਸ਼ਤ ਤੋਂ ਬਾਹਰ ਸਨ। ਇਨ੍ਹਾਂ ਸਭ ਨੇ ਬੱਸ ਇਕੋ ਗੱਲ 'ਤੇ ਜ਼ੋਰ ਦਿੱਤਾ ਕਿ ਜੇਕਰ ਮਨਸੂਰ ਨੂੰ ਨਾ ਮਾਰਿਆ ਗਿਆ ਤਾਂ ਇਹ ਇਨਸਾਨ ਇਸਲਾਮ ਦਾ ਕਾਨੂੰਨੀ ਢਾਂਚਾ ਤਬਾਹ ਕਰ ਦੇਵੇਗਾ। ਇਮਾਮ ਅਹਿਮਦ ਇਬਨ ਹੰਬਲ ਦੁਆਰਾ ਇਕੱਤਰ ਕੀਤੀਆਂ ਹਦੀਸਾਂ (ਪੈਗ਼ੰਬਰ ਸਾਹਿਬ ਦੇ ਬੋਲ) ਅਤੇ ਉਨ੍ਹਾਂ ਦੇ ਸਖ਼ਤ ਕਾਨੂੰਨੀ ਅਸੂਲਾਂ ਨੂੰ ਆਧਾਰ ਬਣਾ ਕੇ ਹਜ਼ਰਤ ਮਨਸੂਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਵਜ਼ੀਰ ਹਾਮਿਦ ਇਬਨ ਅਲ-ਅਬਾਸ ਤਾਂ, ਹਜ਼ਰਤ ਮਨਸੂਰ ਦਾ ਢਿੱਡੋਂ ਵਿਰੋਧੀ ਸੀ। ਉਹ ਕਿਸੇ ਵੀ ਕੀਮਤ 'ਤੇ ਮਨਸੂਰ ਨੂੰ ਬਚ ਕੇ ਨਿਕਲਣ ਨਹੀਂ ਸੀ ਜਾਣ ਦੇਣਾ ਚਾਹੁੰਦੇ। ਵਜ਼ੀਰ ਹਾਮਿਦ ਵਰਗੇ ਕਈ ਹੋਰ ਵੀ ਕੱਟੜਪੰਥੀਆਂ ਦੇ ਦਬਾਅ ਹੇਠ ਖ਼ਲੀਫ਼ਾ ਅਲਮੂਕਤਾਦਰ ਨੇ ਹਜ਼ਰਤ ਮਨਸੂਰ ਨੂੰ ਤੜਫਾ-ਤੜਫਾ ਕੇ ਮਾਰਨ ਦੇ ਵਰੰਟ ਉੱਤੇ ਆਪਣੀ ਸਹੀ ਪਾ ਦਿੱਤੀ। ਇਸ ਮੌਕੇ ਦੇ ਕਾਜ਼ੀ (ਜੱਜ) ਅਬੂ ਉਮਰ ਮੁਹੰਮਦ ਇਬਨ ਯੂਸੁਫ਼ ਕਾਨੂੰਨੀ ਨਜ਼ਰੀਏ ਤੋਂ ਮਨਸੂਰ ਅਲ-ਹੱਲਾਜ ਨੂੰ ਅਜਿਹੀ ਸਜ਼ਾ ਸੁਣਾਉਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਦੀ ਰਾਏ ਸੀ ਕਿ ਹਜ਼ਰਤ ਮਨਸੂਰ ਦੁਆਰਾ ਕਹੀਆਂ ਗੱਲਾਂ ਦੇ ਅਨੇਕਾਂ ਅਰਥ ਨਿਕਲਦੇ ਹਨ। ਸਿਰਫ਼ ਧਾਰਮਿਕ ਨਜ਼ਰੀਏ ਦੇ ਆਧਾਰ 'ਤੇ 'ਹਜ਼ਰਤ ਮਨਸੂਰ ਵਰਗੀ ਹਸਤੀ ਦਾ ਕਤਲ ਕਰ ਦੇਣਾ ਸਹੀ ਨਹੀਂ ਹੋਵੇਗਾ। ਪਰ ਵਜ਼ੀਰ ਹਾਮਿਦ ਵਰਗਿਆਂ ਅੱਗੇ ਸਭ ਬੇਵੱਸ ਸਨ। ਉਨ੍ਹਾਂ ਸਭ ਉੱਤੇ ਅਜਿਹਾ ਦਬਾਅ ਬਣਾਇਆ ਕਿ ਕਾਜ਼ੀ ਨੂੰ ਵੀ ਮਹਜ਼ਰ (ਦਸਤਾਵੇਜ਼ਾਂ) 'ਤੇ ਸਹੀ ਮਾਰਨੀ ਪਈ। ਮੁੱਖ ਜੱਜ ਅੱਬੂ ਉਮਰ ਦੀ ਹਾਜ਼ਰੀ ਵਿਚ ਮਨਸੂਰ ਨੂੰ ਕੁਫ਼ਰ (ਈਸ਼ਨਿੰਦਾ) ਅਤੇ ਜ਼ਿੰਦੀਕ (ਧਰਮ-ਤਿਆਗੀ) ਕਰਾਰ ਦਿੰਦੇ ਹੋਏ ਹਜ਼ਰਤ ਮਨਸੂਰ ਨੂੰ ਜ਼ੁਲਮ ਦੀ ਭੱਠੀ ਵਿਚ ਝੋਕ ਦਿੱਤਾ ਗਿਆ।
ਹਜ਼ਰਤ ਮਨਸੂਰ ਨੇ ਅਦਾਲਤ ਵਿਚ ਜੱਜ ਦੇ ਸਨਮੁੱਖ ਸਪੱਸ਼ਟ ਕੀਤਾ ਕਿ ਉਹ ਪੈਗ਼ੰਬਰਾਂ ਦੀ ਬਰਾਬਰੀ ਕਰਨ ਦੀ ਹਿਮਾਕਤ ਨਹੀਂ ਕਰ ਰਹੇ, ਸਗੋਂ ਇਹ ਸਪੱਸ਼ਟ ਕਰ ਰਹੇ ਹਨ ਕਿ ਇਨਸਾਨ ਦੀ ਰੂਹ ਵਿਚ ਵੀ ਓਹੀ ਰੱਬੀ ਗੁਣ ਮੌਜ਼ੂਦ ਹਨ ਜੋ ਬਾਕੀ ਪੈਗ਼ੰਬਰ ਸਹਿਬਾਨ ਵਿਚ ਹਨ। ਉਨ੍ਹਾਂ ਆਪਣਾ ਪੱਖ ਰੱਖਦੇ ਹੋਏ ਕਿਹਾ, ਪੈਗ਼ੰਬਰ ਉਹ ਆਈਨਾਂ ਹਨ ਜਿਨ੍ਹਾਂ ਵਿਚ ਰੱਬ ਦਾ ਪੂਰਾ ਨੂਰ ਦਿਖਾਈ ਦਿੰਦਾ ਹੈ ਅਤੇ ਇਕ ਸਧਾਰਨ ਮਨੁੱਖ ਵੀ ਆਪਣਾ ਸ਼ੀਸ਼ਾ ਸਾਫ ਕਰਕੇ ਉਸੇ ਨੂਰ ਦੀ ਝਲਕ ਪਾ ਸਕਦਾ ਹੈ।
ਸਜ਼ਾ ਸੁਣਾਏ ਜਾਣ ਉਪਰੰਤ ਹਜ਼ਰਤ ਮਨਸੂਰ ਨੇ ਆਪਣੀ ਨਿਡਰਤਾ ਅਤੇ ਰੂਹਾਨੀ ਉਚਾਈ ਨੂੰ ਦਰਸਾਉਂਦੇ ਹੋਏ ਆਖਿਆ, ਮੇਰਾ ਖੂਨ ਤੁਹਾਡੇ ਲਈ ਹਲਾਲ ਹੈ । ਭਾਵ-ਅਰਥ ਅਨੁਸਾਰ ਹਜ਼ਰਤ ਮਨਸੂਰ ਨੇ ਕਾਨੂੰਨੀ ਅਤੇ ਧਾਰਮਿਕ ਦੁਬਿਧਾ ਵਿਚ ਫਸੇ ਕਾਜ਼ੀ ਅਤੇ ਵਜ਼ੀਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਫ਼ਨਾ (ਮਿਟ ਜਾਣਾ) ਹੋ ਚੁੱਕਾ ਹਾਂ, ਆਪਣੇ ਸਰੀਰ ਦੇ ਪਿੰਜਰੇ ਤੋਂ ਪੂਰੀ ਤਰ੍ਹਾਂ ਮੁਕਤ ਹਾਂ, ਮੇਰਾ ਖੂਨ ਵਹਾ ਕੇ ਤੁਸੀ ਕੋਈ ਗੁਨਾਹ ਨਹੀਂ ਕਰਨ ਜਾ ਰਹੇ, ਉਲਟਾ ਤੌਹੀਦ ਲਈ (ਖੁਦਾ ਨਾਲ ਇਕਮਿਕ) ਮੇਰਾ ਸਹਿਯੋਗ ਕਰ ਰਹੇ ਓ, ਤੁਸੀਂ ਡਰੋ ਨਾ ਕਿਆਮਤ ਦੇ ਦਿਨ ਮੈਂ ਤੁਹਾਡੀ ਕੋਈ ਸ਼ਿਕਾਇਤ ਨਹੀਂ ਕਰਨ ਜਾ ਰਿਹਾ।
ਇਸਲਾਮੀ ਕੈਲੰਡਰ ਅਨੁਸਾਰ 24 ਜ਼ੁਲ-ਕਾਦਾ, 309 ਹਿਜਰੀ (26 ਮਾਰਚ 922 ਈ.) ਨੂੰ ਹਜ਼ਰਤ ਮਨਸੂਰ ਅਲ-ਹਲਾਜ਼ ਦੀ ਸ਼ਹਾਦਤ ਦੇ ਸਮੇਂ ਹਜ਼ਰਤ ਮਨਸੂਰ ਨੂੰ ਸਾਰਾ-ਸਾਰਾ ਦਿਨ ਤਸੀਹੇ ਦੇ ਦੇ ਕੇ ਸ਼ਹੀਦ ਕਰ ਦੇਣ ਦੀ ਕਾਰਵਾਈ ਚੱਲਦੀ ਰਹੀ। ਕੱਟੜਪੰਥੀਆਂ ਦੀ ਕੋਸ਼ਿਸ਼ ਮਨਸੂਰ ਨੂੰ ਮਾਰ-ਮੁਕਾਉਣ ਦੀ ਨਹੀਂ ਬਲਕਿ ਉਸ ਨੂੰ ਜਨਤਕ ਤੌਰ 'ਤੇ ਜ਼ਲੀਲ ਕਰਨ ਉਪਰੰਤ ਤੜਫਾ ਤੜਪਾ ਕੇ ਸੂਲੀ ਟੰਗ ਦੇਣ ਦੀ ਸੀ ਤਾਂ ਕਿ ਲੋਕ ਇਸ ਕਦਰ ਦਹਿਸ਼ਤਜ਼ਦਾ ਹੋ ਜਾਣ ਕਿ ਮੁੜ ਕੋਈ ਮਨਸੂਰ ਪੈਦਾ ਹੀ ਨਾ ਹੋ ਸਕੇ। ਸਜ਼ਾ ਸੁਣਾਉਂਦੇ ਸਮੇਂ ਮੁੱਖ ਕਾਜ਼ੀ ਅਬੂ ਉਮਰ ਨੇ ਹਜ਼ਰਤ ਮਨਸੂਰ ਨੂੰ ਪੁੱਛਿਆ, ਕੀ ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਤਾਂ ਹਜ਼ਰਤ ਸਾਹਿਬ ਨੇ ਹੱਸਦੇ ਹੋਏ ਕਿਹਾ, ਮੌਤ ਤਾਂ ਮੇਰੇ ਵਾਸਤੇ ਮਹਿਬੂਬ ਨਾਲ ਮਿਲਣ ਲਈ ਇਕ ਪੁਲ ਹੈ। ਤੁਸੀਂ ਲੋਕ ਤਾਂ ਬੱਸ ਮੇਰੇ ਸਰੀਰ ਨੂੰ ਹੀ ਕਤਲ ਕਰ ਸਕਦੇ ਹੋ, ਪਰ ਇਸ ਅੰਦਰੋਂ ਉਬਾਲੇ ਮਾਰਦਾ ਸੱਚ (ਹੱਕ) ਹਮੇਸ਼ਾ ਹੀ ਗੂੰਜਦਾ ਰਹਿਣਾ ਹੈ, ਤੁਸੀਂ ਉਸ ਨੂੰ ਚਾਹ ਕੇ ਵੀ ਮਿਟਾ ਨਹੀਂ ਸਕਦੇ।
ਹਜ਼ਰਤ ਮਨਸੂਰ ਅਲ-ਹੱਲਾਜ 'ਤੇ ਕਹਿਰ ਢਾਹੁਣ ਦੀ ਸ਼ੁਰੂਆਤ ਵਿਚ ਉਸ ਨੂੰ ਬਗਦਾਦ ਦੇ ਉਨ੍ਹਾਂ ਬਾਜ਼ਾਰਾਂ ਵਿਚ ਰੱਜ ਕੇ ਅਪਮਾਨਿਤ ਕਰਦੇ ਹੋਏ ਘੁਮਾਇਆ ਗਿਆ ਜਿਨ੍ਹਾਂ ਬਾਜ਼ਾਰਾਂ ਵਿਚ ਮਨਸੂਰ ਅਨ-ਅਲ-ਹੱਕ ਦੇ ਸੱਚ ਦਾ ਸ਼ੀਸ਼ਾ ਲਈ ਘੁੰਮਿਆਂ ਕਰਦਾ ਸੀ।
ਸੱਚ ਦੇ ਮਸੀਹਾ ਹਜ਼ਰਤ ਮਨਸੂਰ ਨੂੰ ਭਾਰੀ ਸੰਗਲਾਂ ਨਾਲ ਨੂੜ ਕੇ ਊਠ 'ਤੇ ਬਿਠਾਇਆ ਗਿਆ। ਇਤਿਹਾਸਕਾਰਾਂ ਅਨੁਸਾਰ ਅਜਿਹਾ ਵਾਪਰਨ ਦੇ ਬਾਵਜੂਦ ਹਜ਼ਰਤ ਸਾਹਿਬ ਦੇ ਚਿਹਰੇ 'ਤੇ ਕੋਈ ਡਰ ਨਹੀਂ ਸੀ ਵਿਖਾਈ ਦਿੱਤਾ, ਉਲਟ ਉਹ ਪੂਰੀ ਤਰ੍ਹਾਂ ਸ਼ਾਂਤ ਅਤੇ ਰੂਹਾਨੀ ਸਰੂਰ ਵਿਚ ਨਜ਼ਰ ਆ ਰਹੇ ਸਨ।
ਊਠ ਉੱਤੇ ਲੱਦ ਕੇ ਹਜ਼ਰਤ ਮਨਸੂਰ ਨੂੰ ਈਰਾਨ ਦੇ ਦਜ਼ਲਾ ਦਰਿਆ ਦੇ ਕੰਢੇ 'ਤੇ ਬਣੇ ਇਕ ਚਬੂਤਰੇ 'ਤੇ ਲਿਆ ਖੜ੍ਹਾ ਕੀਤਾ ਗਿਆ। ਲੋਕਾਂ ਦੇ ਜੁੜੇ ਭਾਰੀ ਹਜ਼ੂਮ ਸਾਹਮਣੇ ਮਨਸੂਰ ਦੇ ਪਿੰਡੇ ਉੱਤੇ ਇਕ ਹਜ਼ਾਰ ਕੋੜੇ ਮਾਰੇ ਗਏ। ਹਰ ਕੋੜਾ ਵੱਜਣ 'ਤੇ ਹਜ਼ਰਤ ਮਨਸੂਰ ਅੱਲ੍ਹਾ ਦਾ ਸ਼ੁਕਰ ਅਲਾਪਦੇ ਰਹੇ।
ਹਜ਼ਰਤ ਮਨਸੂਰ ਨੂੰ ਝੁਕਾਉਣ ਦੀਆਂ ਕੋਸ਼ਿਸ਼ਾਂ ਤਹਿਤ ਉਸ ਦੇ ਹੱਥ ਪੈਰ ਵੱਢ ਦਿੱਤੇ ਗਏ। ਆਪਣੇ ਸਰੀਰ ਦੀ ਹੋ ਰਹੀ ਰਹੀ ਵੱਢ-ਟੁੱਕ ਹਜ਼ਰਤ ਮਨਸੂਰ ਦਰਦ ਨਾਲ ਕੁਰਲਾ ਉੱਠਣ ਦੀ ਬਜਾਏ ਅੱਲ੍ਹਾ ਤਾਲਾ ਕੋਲ ਇਨ੍ਹਾਂ ਸੱਚ ਤੋਂ ਬੇ-ਖ਼ਬਰ, ਜ਼ੁਲਮ ਢਾਉਣ ਵਾਲੇ ਲੋਕਾਂ ਨੂੰ ਮੁਆਫ਼ ਕਰ ਦੇਣ ਦੀ ਦੁਹਾਈ ਦੇ ਰਹੇ ਸਨ। ਹਜ਼ਰਤ ਮਨਸੂਰ ਦਾ ਖੂਨ ਜ਼ਿਆਦਾ ਵਹਿ ਜਾਣ ਕਾਰਨ ਜਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਉਸ ਦਾ ਚਿਹਰਾ ਪੀਲਾ ਫਿਰ ਰਿਹਾ ਹੈ ਤਾਂ ਉਸ ਨੇ ਵੱਢੇ ਹੋਏ ਹੱਥ ਨਾਲ ਆਪਣੇ ਚਿਹਰੇ 'ਤੇ ਆਪਣੇ ਖੂਨ ਦੀ ਲਾਲੀ ਮਲ ਲਈ ਤਾਂ ਕਿ ਵੇਖਣ ਵਾਲੇ ਲੋਕ ਇਹ ਨਾ ਸੋਚਣ ਲੱਗ ਪੈਣ ਕਿ ਮਨਸੂਰ ਦਾ ਚਿਹਰਾ ਡਰ ਕਾਰਨ ਪੀਲਾ ਫਿਰ ਰਿਹਾ ਹੈ। ਹਜ਼ਰਤ ਮਨਸੂਰ ਇਕ ਸੱਚੇ ਪ੍ਰੇਮੀ ਵਾਂਗ ਅੱਲ੍ਹਾ ਸਾਹਮਣੇ ਪੇਸ਼ ਹੋਣਾ ਚਾਹੁੰਦਾ ਸੀ ਇਸ ਲਈ ਉਨ੍ਹਾਂ ਦੁਆਰਾ ਆਪਣੇ ਵਹਿ ਰਹੇ ਖ਼ੂਨ ਨਾਲ ਆਪਣਾ ਮੂੰਹ ਧੋਣਾ ਖੁਦਾ ਦੇ ਘਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੀਤੇ ਜਾਣ ਵਾਲਾ ਵੁਜ਼ੂ (ਨਮਾਜ਼ ਤੋਂ ਪਹਿਲਾਂ ਮੂੰਹ ਹੱਥ ਧੋਣਾ) ਸੀ।
ਜਦੋਂ ਜ਼ੁਲਮ ਢਾਉਣ ਵਾਲਿਆਂ ਨੇ ਦੇਖਿਆ ਕਿ ਅੰਗ ਕੱਟੇ ਜਾਣ ਦੇ ਬਾਵਜੂਦ ਹਜ਼ਰਤ ਮਨਸੂਰ ਹਾਲੇ ਵੀ ਜਿਊਂਦੇ ਜਾਗਦੇ ਹਨ ਤਾਂ ਉਹ ਹਜ਼ਰਤ ਸਾਹਿਬ ਨੂੰ ਸੂਲੀ ਟੰਗਣ ਲਈ ਕਾਹਲੇ ਪੈ ਗਏ। ਬਗਦਾਦ ਦੇ ਤਾਈਗ੍ਰੈਸ ਦਰਿਆ ਕੰਢੇ ਮਨਸੂਰ ਨੂੰ ਸੂਲੀ ਟੰਗਣ ਤੋਂ ਪਹਿਲਾਂ ਰਾਹਗੀਰਾਂ ਨੂੰ ਆਪਣੇ ਹਜ਼ਰਤ ਦੇ ਪੱਥਰ ਮਾਰਨ ਦਾ ਹੁਕਮ ਸੁਣਾਇਆ ਗਿਆ। ਜੇਕਰ ਕੋਈ ਪੱਥਰ ਨਾ ਮਾਰਦਾ ਤਾਂ ਉਸ ਨੂੰ ਹਜ਼ਰਤ ਮਨਸੂਰ ਦੇ ਹੱਕ ਵਿਚ ਖਲੋਤਾ ਗਿਣ ਲਿਆ ਜਾਣਾ ਸੀ। ਖੁਦਾ ਦਾ ਇਹ ਬੰਦਾ ਤਾੜ-ਤਾੜ ਵੱਜਦੇ ਪੱਥਰਾਂ ਅੱਗੇ ਵੀ ਮੁਸਕਰਾ ਰਿਹਾ ਸੀ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)
-ਕੈਲੀਬਰ ਆਰਟ ਸਟੂਡੀਓ,
ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 98154-6187