ਮਹਾਨ ਤਪੱਸਵੀ ਸੰਤ ਬਾਬਾ ਬੀਰ ਸਿੰਘ ਦਾ ਜਨਮ ਸ. ਸੇਵਾ ਸਿੰਘ ਢਿੱਲੋਂ ਤੇ ਮਾਤਾ ਧਰਮ ਕੌਰ ਦੇ ਘਰ ਬਿਕਰਮੀ ਸੰਮਤ 1825, ਤਿੰਨ ਸਾਵਣ ਮੁਤਾਬਿਕ 1768 ਈ. 'ਚ ਪਿੰਡ ਗਗੋਬੂਆ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ ਹੋਇਆ। ਪਿੰਡ ਦੇ ਵਿਚਕਾਰ ਬਾਬਾ ਬੀਰ ਸਿੰਘ ਦੇ ਜਨਮ ਅਸਥਾਨ ਦੇ ਕੱਚੇ ਕੋਠੇ ਨੂੰ ਨਿਸ਼ਾਨਦੇਹੀ ਕਰਕੇ ਸ਼ੀਸ਼ਿਆਂ 'ਚ ਕਵਰ ਕੀਤਾ ਹੋਇਆ ਹੈ। ਅੰਦਰ ਉਹ ਵੱਡੇ ਪਾਵਿਆਂ ਵਾਲਾ ਮੰਜਾ ਹੈ, ਜਿਸ 'ਤੇ ਬਾਬਾ ਜੀ ਦਾ ਜਨਮ ਹੋਇਆ ਸੀ। ਇਹ ਇਕ ਵੱਡਾ ਸ਼ਾਨਦਾਰ ਹਾਲ ਵਾਲਾ ਗੁਰਦੁਆਰਾ ਸਾਹਿਬ ਹੈ। ਬਾਬਾ ਬੀਰ ਸਿੰਘ ਦਾ ਬਚਪਨ ਪਿੰਡ ਗਗੋਬੂਆ 'ਚ ਹੀ ਬੀਤਿਆ। ਮਾਤਾ-ਪਿਤਾ ਦੀ ਨਿਗਰਾਨੀ ਹੇਠ ਇਨ੍ਹਾਂ ਦੀ ਦੇਖਭਾਲ ਤੇ ਸਿੱਖਿਆ ਹੋਈ। ਖੇਤੀਬਾੜੀ ਵਾਲਾ ਘਰ ਹੋਣ ਕਰਕੇ ਉਹ ਖੇਤੀ ਦੇ ਕੰਮਾਂ 'ਚ ਹੱਥ ਵਟਾਉਣ ਲੱਗੇ। ਇੱਥੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਹੈ, ਜਿੱਥੇ ਬਾਬਾ ਜੀ ਰੋਜ਼ਾਨਾ ਨਿੱਤਨੇਮ ਤੇ ਸੇਵਾ ਕਰਦੇ। ਉਨ੍ਹਾਂ ਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਸ. ਨਿਹਾਲ ਸਿੰਘ ਅਟਾਰੀ (ਪਿਤਾ ਸ. ਸ਼ਾਮ ਸਿੰਘ ਅਟਾਰੀ) ਦੀ ਕਮਾਨ 'ਚ ਫ਼ੌਜ ਵਿਚ ਵੱਡਾ ਰੁਤਬਾ ਸੀ। ਜਦ ਪਹਿਲੀ ਵਾਰ ਸਿੱਖ ਫ਼ੌਜ ਨੇ ਮੁਲਤਾਨ 'ਤੇ ਚੜ੍ਹਾਈ ਕੀਤੀ ਤਾਂ ਇਸ ਜੰਗ 'ਚ ਭਾਈ ਸੇਵਾ ਸਿੰਘ ਸ਼ਹੀਦ ਹੋ ਗਏ। ਬਾਬਾ ਬੀਰ ਸਿੰਘ ਨਿਹਾਲ ਸਿੰਘ ਅਟਾਰੀ ਵਾਲੇ ਕੋਲ ਫ਼ੌਜ 'ਚ ਭਰਤੀ ਹੋਣ ਚਲੇ ਗਏ, ਜਿਨ੍ਹਾਂ ਨੇ ਉਨ੍ਹਾਂ ਨੂੰ ਪਿਤਾ ਦੀ ਥਾਂ 'ਤੇ ਭਰਤੀ ਕਰ ਲਿਆ। ਥੋੜ੍ਹੇ ਸਮੇਂ ਬਾਅਦ ਬਾਬਾ ਬੀਰ ਸਿੰਘ ਦੀ ਧਾਰਮਿਕ ਰੁਚੀ, ਸਾਥੀਆਂ ਨਾਲ ਮੇਲ-ਮਿਲਾਪ, ਗੁਰੂ ਘਰ ਨਾਲ ਪਿਆਰ ਤੇ ਨੌਕਰੀ ਪ੍ਰਤੀ ਵਫ਼ਾਦਾਰੀ ਵੇਖ ਉਨ੍ਹਾਂ ਦੀ ਪਹਿਰੇ ਦੀ ਡਿਊਟੀ ਖ਼ਤਮ ਕਰਕੇ ਸਵਾਰੀ ਲਈ ਘੋੜਾ ਦੇ ਦਿੱਤਾ, ਤਾਂ ਕਿ ਇਹ ਸਤਰ ਕਲਾ, ਨੇਜਾਬਾਜ਼ੀ, ਘੋੜਾ ਸਵਾਰੀ 'ਚ ਪ੍ਰਪੱਕ ਹੋ ਜਾਣ। ਕਾਫ਼ੀ ਸਮੇਂ ਬਾਅਦ ਉਹ ਨੌਕਰੀ ਛੱਡ ਕੇ ਪਿੰਡ ਆ ਗਏ ਤੇ ਭਜਨ, ਸਿਮਰਨ, ਸਤਿਸੰਗ ਤੇ ਸੇਵਾ 'ਚ ਜੁਟ ਗਏ। ਕੁਝ ਸਮੇਂ ਬਾਅਦ ਘਰ ਤੋਂ ਸੰਤ ਬਾਬਾ ਭਾਗ ਸਿੰਘ ਕੁਰੀ ਵਾਲਿਆਂ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ 'ਚ) ਦੇ ਰਸਤੇ ਵੱਲ ਤੁਰ ਪਏ। ਉੱਥੇ ਸੰਤ ਬਾਬਾ ਭਾਗ ਸਿੰਘ ਕੋਲ ਇਕ ਸਾਲ ਰਹੇ ਤੇ ਭਜਨ ਸਿਮਰਨ ਦੀ ਪ੍ਰਾਪਤੀ ਕਰਕੇ ਉਨ੍ਹਾਂ ਮਹਾਂਪੁਰਸ਼ਾਂ ਦੇ ਹੁਕਮਾਂ ਨਾਲ ਬਾਬਾ ਸਾਹਿਬ ਸਿੰਘ ਬੇਦੀ ਕੋਲ ਊਨਾ ਸਾਹਿਬ ਚਲੇ ਗਏ। ਬਾਬਾ ਸਾਹਿਬ ਸਿੰਘ ਬੇਦੀ ਕੋਲੋਂ ਹੀ ਸੰਤ ਬਾਬਾ ਭਾਗ ਸਿੰਘ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ।
ਜਦ ਬਾਬਾ ਬੀਰ ਸਿੰਘ ਨੇ ਬਾਬਾ ਸਾਹਿਬ ਸਿੰਘ ਤੋਂ ਸਤਿਸੰਗ, ਭਜਨ ਸਿਮਰਨ ਦੀ ਦਾਤ ਪ੍ਰਾਪਤੀ ਕਰ ਲਈ ਤਾਂ ਉਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਲਈ ਬਾਬਾ ਬੀਰ ਸਿੰਘ ਨੂੰ ਮਾਝੇ ਦੀ ਧਰਤੀ 'ਤੇ ਭੇਜਿਆ। ਬਾਬਾ ਜੀ ਨੇ ਆਪਣਾ ਡੇਰਾ ਤਰਨ ਤਾਰਨ ਤੋਂ ਗੋਇੰਦਵਾਲ ਸਾਹਿਬ ਵਾਲੀ ਸੜਕ 'ਤੇ 7 ਕਿਲੋਮੀਟਰ ਦੂਰ ਪਿੰਡ ਨੌਰੰਗਾਬਾਦ ਵਿਖੇ ਬਣਾ ਲਿਆ। ਇਸੇ ਕਰਕੇ ਉਹ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੇ ਨਾਂਅ ਨਾਲ ਪ੍ਰਸਿੱਧ ਹੋਏ। ਉਨ੍ਹਾਂ ਨੇ 365 ਗੁਰਦੁਆਰੇ ਬਣਵਾਏ, ਜਿਨ੍ਹਾਂ 'ਚੋਂ ਬਹੁਤੇ ਮਾਝਾ ਖੇਤਰ 'ਚ ਹਨ। ਬਾਬਾ ਜੀ ਦੇ ਡੇਰੇ 'ਚ ਅਤਰ ਸਿੰਘ ਸੰਧਾਵਾਲੀਆ, ਕੰਵਰ ਕਸ਼ਮੀਰਾ ਸਿੰਘ ਰਹਿੰਦੇ ਸਨ। ਹੀਰਾ ਸਿੰਘ ਡੋਗਰਾ ਜੋ ਮਹਾਰਾਜਾ ਰਣਜੀਤ ਸਿੰਘ ਅਤੇ ਆਪਣੇ ਪਿਤਾ ਰਾਜਾ ਧਿਆਨ ਸਿੰਘ ਡੋਗਰੇ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਵਜ਼ੀਰ ਬਣਿਆ, ਨੇ ਬਾਬਾ ਜੀ ਨੂੰ ਕਿਹਾ ਅਤਰ ਸਿੰਘ ਸਾਡਾ ਦੁਸ਼ਮਣ ਹੈ, ਤੁਸੀਂ ਇਸ ਨੂੰ ਸਾਨੂੰ ਫੜਾ ਦੇਵੋ। ਬਾਬਾ ਜੀ ਨੇ ਕਿਹਾ ਜੋ ਸਾਡੇ ਡੇਰੇ ਆ ਜਾਵੇ, ਅਸੀਂ ਨਾ ਉਸ ਨੂੰ ਜਾਣ ਲਈ ਕਹਿੰਦੇ ਹਾਂ ਤੇ ਨਾ ਆਉਣ ਲਈ। ਤੁਹਾਡੀ ਇੱਛਾ ਹੈ ਤੁਸੀਂ ਆਪ ਆ ਕੇ ਫੜ ਲਓ। ਹੀਰਾ ਸਿੰਘ ਡੋਗਰਾ ਨੇ ਲਾਹੌਰ ਦਰਬਾਰ ਤੋਂ ਹਮਲਾ ਕਰਕੇ ਬਾਬਾ ਜੀ, ਬੱਚੇ, ਬਜ਼ੁਰਗਾਂ ਤੇ ਔਰਤਾਂ ਸਮੇਤ 700 ਵਿਅਕਤੀਆਂ ਨੂੰ ਸ਼ਹੀਦ ਕਰ ਦਿੱਤਾ। ਇਹ ਸ਼ਹੀਦੀ ਬਾਬਾ ਜੀ ਤੇ ਸਮੂਹ ਸੰਗਤ ਨੇ ਸ਼ਾਂਤਮਈ ਰਹਿ ਕੇ ਦਿੱਤੀ ਸੀ। ਇਹ ਇਤਿਹਾਸਕ ਘਟਨਾ 7 ਮਈ (27 ਵਿਸਾਖ) 1844 ਨੂੰ ਲੱਲਾ ਵਾਲਾ ਥੇਹ (ਭੰਗਾਲਾ) ਨੇੜੇ ਪਿੰਡ ਮੁਠਿਆਂਵਾਲਾ ਵਿਖੇ ਵਾਪਰੀ। ਉਸ ਸਮੇਂ ਬਾਬਾ ਜੀ ਦੀ ਉਮਰ 76 ਸਾਲ ਸੀ। -ਮੋਬਾਈਲ : 99141-84794
7 ਮਈ ਨੂੰ ਬਰਸੀ 'ਤੇ ਵਿਸ਼ੇਸ਼ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਨੂੰ ਯਾਦ ਕਰਦਿਆਂ
ਅਜੀਤ ਡੈਸਕ
04-05-2026