(ਲੜੀ ਜੋੜਨ ਲਈ ਪਿਛਲੇ
ਸੋਮਵਾਰ ਦਾ ਅੰਕ ਦੇਖੋ)
ਬਾਅਦ ਵਿਚ ਜਦੋਂ ਇਸੇ ਸਰੋਵਰ ਦੇ ਵਿਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਸਿਰਜਣਾ ਹੋਈ ਅਤੇ ਸ੍ਰੀ ਰਾਮ ਸਰ ਸਰੋਵਰ ਦੇ ਰਮਣੀਕ ਕਿਨਾਰੇ 'ਤੇ ਆਪਣੀ ਦੇਖ-ਰੇਖ ਵਿਚ ਲਿਖਵਾਈ 'ਸ੍ਰੀ ਆਦਿ ਗ੍ਰੰਥ' ਦੀ ਪਾਵਨ ਬੀੜ ਨੂੰ ਇਥੇ ਸੁਸ਼ੋਭਤ ਕੀਤਾ ਅਤੇ ਰਾਤ-ਦਿਨ ਧੁਰ ਕੀ ਬਾਣੀ ਦਾ ਕੀਰਤਨ ਹੋਣ ਲੱਗਾ ਤਾਂ ਸੁਧਾ ਸਰ ਸਰੋਵਰ 'ਅੰਮ੍ਰਿਤ ਸਰ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ ਅਤੇ ਸਮੇਂ ਦੀ ਤੋਰ ਨਾਲ ਇਸ ਨਗਰ ਦਾ ਨਾਂਅ ਵੀ 'ਚੱਕ ਰਾਮਦਾਸ ਪੁਰ 'ਤੋਂ 'ਅੰਮ੍ਰਿਤਸਰ' ਮਸ਼ਹੂਰ ਹੋ ਗਿਆ।
ਯੂਰਪ ਦੇ ਵਿਗਿਆਨੀਆਂ ਅਨੁਸਾਰ ਫੈਕਟਰੀਆਂ, ਡੀਜ਼ਲ ਇੰਜਣ ਆਦਿ ਤੋਂ ਨਿਕਲਣ ਵਾਲੀ ਦੂਸ਼ਿਤ ਹਵਾ ਨਾਲ ਰੁੱਖਾਂ ਨੂੰ ਲੋੜੀਂਦੇ ਪੌਸ਼ਕ ਤੱਤ ਦੇਣ ਵਾਲੀ ਉੱਲੀ ਖ਼ਤਮ ਹੋ ਰਹੀ ਹੈ ਜਿਸ ਨਾਲ ਮਨੁੱਖ ਅਤੇ ਰੁੱਖ ਦੋਵੇਂ ਬਿਮਾਰ ਹੋ ਰਹੇ ਹਨ। ਲੰਡਨ ਦੇ ਇੰਪੀਰੀਅਲ ਕਾਲਜ ਅਤੇ ਕੀਵ ਗਾਰਡਨ ਦੇ ਵਿਗਿਆਨੀਆਂ ਨੇ ਯੂਰਪੀਅਨ ਦੇਸ਼ਾਂ ਦੇ 137 ਜੰਗਲਾਂ ਤੋਂ ਮਿੱਟੀ ਦੇ 13 ਹਜ਼ਾਰ ਨਮੂਨਿਆਂ ਦਾ ਅਧਿਐਨ ਕਰ ਕੇ ਇਹ ਨਤੀਜਾ ਕੱਢਿਆ ਹੈ।
ਸਾਡਾ ਫ਼ਰਜ਼ ਬਣਦਾ ਹੈ ਕਿ ਕੁਦਰਤ ਦੀਆਂ ਇਨ੍ਹਾਂ ਅਨਮੋਲ ਦਾਤਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ, ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਲਈ ਹਰ ਸੰਭਵ ਯਤਨ ਕਰੀਏ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੀਏ।
ਅੱਜਕਲ੍ਹ ਵਾਤਾਵਰਨ ਨੂੰ ਗੰਧਲਾ ਕਰਨ ਵਿਚ ਇਕ ਆਮ ਆਦਮੀ ਤੋਂ ਲੈ ਕੇ ਸਭ ਵੱਡੀਆਂ-ਵੱਡੀਆਂ ਇੰਡਸਟਰੀਆਂ, ਇੱਥੋਂ ਤੀਕ ਕਿ ਮਹਾਂ ਸ਼ਕਤੀਆਂ ਵਾਲੇ ਦੇਸ਼ ਵੀ ਪਿੱਛੇ ਨਹੀਂ ਹਟਦੇ। ਭਾਵੇ ਪ੍ਰਦੂਸ਼ਣ ਹਵਾ ਦਾ ਹੋਵੇ, ਪਾਣੀ ਦਾ ਹੋਵੇ ਜਾਂ ਧਰਤੀ ਦਾ, ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਆਮ ਆਦਮੀ ਘਰ ਨੂੰ ਸਾਫ਼ ਕਰਨ ਲਈ ਸਾਰਾ ਕਚਰਾ ਦਰਿਆਵਾਂ ਜਾਂ ਫਿਰ ਸੜਕਾਂ ਕੰਢੇ ਸੁੱਟ ਰਿਹਾ ਹੈ। ਇਸੇ ਤਰ੍ਹਾਂ ਧਾਰਮਿਕ ਕਰਮਕਾਂਡ ਕਰਨ ਵਾਲੇ ਵੱਖ-ਵੱਖ ਸਮੱਗਰੀ, ਪ੍ਰਸ਼ਾਦਿ, ਨਾਰੀਅਲ, ਪਲਾਸਟਿਕ ਦੇ ਲਿਫਾਫੇ, ਦੇਵੀ-ਦੇਵਤਿਆਂ ਦੇ ਵੱਖ-ਵੱਖ ਤਰ੍ਹਾਂ ਦੇ ਛੋਟੇ ਤੇ ਵੱਡੇ ਬੁੱਤ ਤੇ ਫੋਟੋ ਆਦਿ ਨਦੀਆਂ, ਦਰਿਆਵਾਂ ਤੇ ਸਮੁੰਦਰਾਂ ਵਿਚ ਸੁੱਟ ਦਿੰਦੇ ਹਨ। ਕੁਝ ਪੜ੍ਹੇ-ਲਿਖੇ ਅਨਪੜ੍ਹ ਲੋਕ ਦਰੱਖਤਾਂ 'ਤੇ ਕੱਪੜਾ ਬੰਨ੍ਹ ਕੇ, ਉਸ 'ਤੇ ਤੇਲ ਚੜ੍ਹਾ ਕੇ ਉਸ ਦੀ ਉਮਰ ਘਟਾ ਦਿੰਦੇ ਹਨ। ਇਸ ਦੇ ਉਲਟ ਫੈਕਟਰੀਆਂ, ਪੇਪਰ ਮਿੱਲਾਂ, ਲੈਦਰ ਕੰਪਲੈਕਸ ਆਦਿ ਅਨੇਕਾਂ ਇੰਡਸਟਰੀਆਂ ਆਪਣਾ ਕੁਝ ਪੈਸਾ ਬਚਾਉਣ ਖਾਤਰ ਕੈਮੀਕਲ ਵਾਲਾ ਜ਼ਹਿਰ ਸਿੱਧੇ ਤੌਰ 'ਤੇ ਦਰਿਆਵਾਂ, ਵੇਈਆਂ ਵਿਚ ਪਾ ਰਹੇ ਹਨ।
ਵਿਕਾਸਸ਼ੀਲ ਦੇਸ਼ਾਂ ਵਿਚ ਸੋਨੇ ਦੀਆਂ ਖਾਣਾਂ ਨਾਲ ਸੰਬੰਧਿਤ ਇੰਡਸਟਰੀ ਵਾਲੇ ਵੀ ਵਾਤਾਵਰਨ ਨੂੰ ਪਲੀਤ ਕਰਨ ਵਿਚ ਪਿੱਛੇ ਨਹੀਂ ਰਹੇ। ਇਹ ਲੋਕ ਸੋਨਾ ਕੱਢਣ ਉਪਰੰਤ ਵਾਧੂ ਰਹਿੰਦ-ਖੂੰਹਦ ਜੋ ਕਿ ਜੀਵ-ਜੰਤੂਆਂ ਲਈ ਬਹੁਤ ਹਾਨੀਕਾਰਕ ਹੁੰਦੀ ਹੈ, ਦਰਿਆਵਾਂ ਵਿਚ ਵਹਾ ਦਿੰਦੇ ਹਨ। ਇਸੇ ਤਰ੍ਹਾਂ ਰੋਮਾਨੀਆਂ ਵਿਖੇ ਸਾਲ 2000 ਵਿਚ ਇਕ ਸੋਨੇ ਦੀ ਖਾਣ ਦੀ ਰਹਿੰਦ-ਖੂੰਹਦ ਡਾਨੂਬੇ ਦਰਿਆ ਦੀ ਇਕ ਸਹਾਇਕ ਨਦੀ ਵਿਚ ਸੁੱਟੀ ਗਈ ਤਾਂ ਉਥੇ 2000 ਟਨ ਤੋਂ ਵੱਧ ਮੱਛੀਆਂ ਮਰ ਗਈਆਂ ਸਨ।
ਧਰਤੀ, ਆਕਾਸ਼, ਹਵਾ, ਪਾਣੀ, ਅਗਨੀ, ਪੇੜ-ਪੌਦੇ, ਆਦਿ ਸਭ ਵਸਤੂਆਂ ਮਨੁੱਖੀ ਲੋੜਾਂ ਦੀ ਪੂਰਤੀ ਲਈ ਹਨ। ਜਦੋਂ ਮਨੁੱਖ ਇਸ ਕੁਦਰਤੀ ਵਾਤਾਵਰਨ ਨਾਲ ਛੇੜ-ਛਾੜ ਕਰਦਾ ਹੈ ਤਾਂ ਉਸਦੇ ਸਿੱਟੇ ਵਿਨਾਸ਼ਕਾਰੀ ਨਿਕਲਦੇ ਹਨ। ਜੰਗਲਾਂ ਨੂੰ ਬੇਤਹਾਸ਼ਾ ਕੱਟਣਾ, ਹਵਾ ਨੂੰ ਕਾਰਖਾਨਿਆਂ ਦੀਆਂ ਗੈਸਾਂ ਰਾਹੀਂ ਦੂਸ਼ਿਤ ਕਰਨਾ, ਪਾਣੀ ਦੇ ਪ੍ਰਵਾਹ ਨੂੰ ਰੋਕਣਾ ਅਤੇ ਪਾਣੀ ਵਿਚ ਫੈਕਟਰੀਆਂ ਦੇ ਜ਼ਹਿਰੀਲੇ ਕੈਮੀਕਲ ਬਿਨਾਂ ਟਰੀਟ ਕੀਤੇ ਪਾਉਣਾ, ਅੱਗ ਦੀ ਦੁਰਵਰਤੋਂ, ਜੜ੍ਹੀਆਂ-ਬੂਟੀਆਂ ਨੂੰ ਨਸ਼ਟ ਕਰਨਾ ਆਦਿ ਵਰਤਾਰੇ ਕੁਦਰਤੀ ਵਾਤਾਵਰਨ ਨੂੰ ਤਬਾਹ ਕਰਨ ਦੇ ਸਮਾਨ ਹਨ। ਸੋ, ਕੁਦਰਤੀ ਵਾਤਾਵਰਨ ਦੀ ਛੇੜ-ਛਾੜ ਕਰਨ ਨਾਲ ਮਨੁੱਖ ਇਕ ਤਰ੍ਹਾਂ ਆਪਣੀਆਂ ਹੀ ਜੜ੍ਹਾਂ ਵੱਢ ਰਿਹਾ ਹੈ। ਧਰਮ ਦਾ ਕੁਦਰਤ ਨਾਲ ਸਿੱਧਾ ਸੰਬੰਧ ਹੈ, ਕਾਦਰ ਜੀਵ-ਜੰਤੂਆਂ ਤੇ ਪ੍ਰਕਿਰਤੀ ਦੇ ਰੰਗਾਂ ਵਿਚ ਵਸਦਾ ਹੈ। ਸੋ, ਕੁਦਰਤ ਨਾਲ ਇਕਸੁਰਤਾ ਕਾਇਮ ਰੱਖਣਾ ਹੀ ਧਰਮ ਦਾ ਮੁੱਖ ਉਦੇਸ਼ ਹੈ। (ਸਮਾਪਤ)
-ਸ੍ਰੀ ਅਨੰਦਪੁਰ ਸਾਹਿਬ।