16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰੂਹਾਨੀਅਤ ਦਾ ਅਹਿਸਾਸ ਕਰਾਉਂਦਾ ਗੁਰਦੁਆਰਾ ਸ੍ਰੀ ਨਾਢਾ ਸਾਹਿਬ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਗੁਰਦੁਆਰਾ ਸ੍ਰੀ ਨਾਢਾ ਸਾਹਿਬ ਸਿਰਫ਼ ਇਕ ਧਾਰਮਿਕ ਸਥਾਨ ਹੀ ਨਹੀਂ, ਸਗੋਂ ਇਤਿਹਾਸ, ਆਸਥਾ ਤੇ ਸਾਂਝੀਵਾਲਤਾ ਦਾ ਜੀਵੰਤ ਪ੍ਰਤੀਕ ਹੈ। ਇਹ ਪਵਿੱਤਰ ਧਾਮ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ 'ਚ ਸਥਿਤ ਹੈ ਤੇ ਸਿੱਖ ਧਰਮ ਦੇ ਮਹੱਤਵਪੂਰਨ ਤੀਰਥ ਅਸਥਾਨਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਵਿੱਤਰ ਅਸਥਾਨ 'ਤੇ ਹੁਣ ਇਕ ਆਲੀਸ਼ਾਨ ਗੁਰਦੁਆਰਾ ਨਾਢਾ ਸਾਹਿਬ ਸੁਸ਼ੋਭਿਤ ਹੈ। ਇਹ ਗੁਰੂ ਘਰ ਘੱਗਰ ਦਰਿਆ ਦੇ ਕੰਢੇ, ਚੰਡੀਗੜ੍ਹ ਦੇ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ 'ਚ ਬੇਹੱਦ ਰੂਹਾਨੀਅਤ ਦਾ ਅਹਿਸਾਸ ਕਰਵਾਉਂਦਾ ਹੈ। ਇਤਿਹਾਸਕ ਤੌਰ 'ਤੇ ਇਸ ਗੁਰਦੁਆਰੇ ਦੀ ਮਹਾਨਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਵੱਲ ਜਾ ਰਹੇ ਸਨ ਤਾਂ ਉਹ ਇਸ ਸਾਥਨ 'ਤੇ ਕੁਝ ਸਮੇਂ ਲਈ ਆਪਣੇ ਸਿੰਘਾਂ ਨਾਲ ਆਰਾਮ ਕਰਨ ਲਈ ਰੁਕੇ। ਗੁਰੂ ਜੀ ਦੇ ਇਸ ਪਵਿੱਤਰ ਚਰਨਾਂ ਨਾਲ ਇਹ ਧਰਤੀ ਧੰਨ ਹੋ ਗਈ, ਜਿੱਥੇ ਬਾਅਦ 'ਚ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੀ ਸਥਾਪਨਾ ਕੀਤੀ ਗਈ। ਇਸ ਪਿੰਡ ਵਿਚ ਗੁਰੂ ਘਰ ਦਾ ਸੱਚਾ ਸੇਵਕ ਭਾਈ ਨਾਢੂ ਸ਼ਾਹ ਲੁਬਾਣਾ ਰਹਿੰਦੇ ਸਨ। ਜਦੋਂ ਨਾਢੂ ਸ਼ਾਹ ਨੂੰ ਗੁਰੂ ਸਾਹਿਬ ਦੇ ਏਥੇ ਆਉਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਗੁਰੂ ਜੀ ਅਤੇ ਸੰਗਤਾਂ ਦੀ ਸੱਚੇ ਦਿਲੋਂ ਸੇਵਾ ਕੀਤੀ। ਗੁਰੂ ਸਾਹਿਬ ਨੇ ਇਸ ਸੇਵਕ ਦੀ ਸੇਵਾ ਤੋਂ ਖੁਸ਼ ਹੋ ਕੇ ਬਚਨ ਕੀਤੇ ਕਿ ਇਹ ਅਸਥਾਨ ਤੁਹਾਡੇ ਨਾਂਅ 'ਨਾਢਾ' ਵਜੋਂ ਜਾਣਿਆ ਜਾਵੇਗਾ ਤੇ ਇਸ ਅਸਥਾਨ 'ਤੇ ਰੌਣਕਾਂ ਲੱਗਣਗੀਆਂ। ਇਹ ਗੁਰਦੁਆਰਾ ਘੱਗਰ ਦਰਿਆ ਦੇ ਕੰਢੇ 'ਤੇ ਸਥਿਤ ਹੈ, ਜਿਸ ਕਾਰਨ ਇੱਥੋਂ ਦਾ ਵਾਤਾਵਰਨ ਬਹੁਤ ਹੀ ਸ਼ਾਂਤ ਤੇ ਆਤਮਿਕ ਅਨੁਭਵ ਦਿੰਦਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਇੱਥੇ ਮੱਥਾ ਟੇਕਣ ਲਈ ਆਉਂਦੀ ਹੈ। ਵਿਸ਼ੇਸ਼ ਤੌਰ 'ਤੇ ਪੂਰਨਮਾਸ਼ੀ, ਸੰਗਰਾਂਦ ਅਤੇ ਹੋਰ ਧਾਰਮਿਕ ਮੌਕਿਆਂ 'ਤੇ ਇੱਥੇ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੁੰਦੀ ਹੈ। ਗੁਰਦੁਆਰਾ ਸ੍ਰੀ ਨਾਢਾ ਸਾਹਿਬ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਸਾਂਝੀਵਾਲਤਾ ਹੈ। ਘੱਗਰ ਦੇ ਉੱਪਰ ਪੁਲ ਬਣ ਜਾਣ ਨਾਲ ਇਸ ਅਸਥਾਨ 'ਤੇ ਆਉਣ-ਜਾਣ ਵਿਚ ਬੜੀ ਆਸਾਨੀ ਹੋ ਗਈ ਹੈ। ਉਸ ਵੇਲੇ ਦੇ ਪੰਜਾਬ ਦੇ ਮੁੱਖ ਮੰਤਰੀ (ਸਵ.) ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਤੇ ਯਤਨਾਂ ਕਰਕੇ ਹਰਿਆਣਾ ਦੇ ਮੁੱਖ ਮੰਤਰੀ ਵਲੋਂ ਪੱਕੀ ਸੰਪਰਕ ਸੜਕ ਬਣਾ ਕੇ ਮੇਨ ਰੋਡ ਨਾਲ ਜੋੜ ਦਿੱਤੀ ਗਈ ਹੈ, ਜਿਸ ਕਰਕੇ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਹੁੰਦੀ।
ਇਸ ਪਵਿੱਤਰ ਅਸਥਾਨ 'ਤੇ ਆ ਕੇ ਮਨ ਨੂੰ ਅਦਭੁਤ ਸ਼ਾਂਤੀ ਮਿਲਦੀ ਹੈ ਤੇ ਜੀਵਨ ਦੀ ਭੀੜ-ਭਾੜ ਤੋਂ ਦੂਰ ਇਕ ਆਤਮਿਕ ਸਹਿਜਤਾ ਦਾ ਅਹਿਸਾਸ ਹੁੰਦਾ ਹੈ। ਗੁਰਦੁਆਰਾ ਸ੍ਰੀ ਨਾਢਾ ਸਾਹਿਬ ਸਿਰਫ਼ ਮਨੁੱਖਤਾ, ਭਾਈਚਾਰੇ ਤੇ ਵਿਸ਼ਵਾਸ ਦਾ ਵੀ ਪ੍ਰਤੀਕ ਹੈ, ਜੋ ਹਰ ਆਉਣ ਵਾਲੇ ਨੂੰ ਏਕਤਾ ਤੇ ਸੇਵਾ ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਸੱਚਮੁੱਚ ਸਾਰੇ ਵਰਗਾਂ ਦੀ ਆਸਥਾ ਤੇ ਸਤਿਕਾਰ ਦਾ ਕੇਂਦਰ ਹੈ, ਜੋ ਸਿੱਖ ਇਤਿਹਾਸ ਅਤੇ ਸੰਸਕ੍ਰਿਤੀ ਦੀ ਮਹਾਨ ਵਿਰਾਸਤ ਨੂੰ ਦਰਸਾਉਂਦਾ ਹੈ।

-ਸੀਨੀਅਰ ਪੱਤਰਕਾਰ, ਚੰਡੀਗੜ੍ਹ।
ਮੋਬਾਈਲ : 9463200019

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਧਰਮਾਂ ਵਿਚ ਵਾਤਾਵਰਨ ਅਗਲੀ ਖ਼ਬਰ ਸਿੱਖਾਂ ਵਿਚ ਵਧ ਰਿਹਾ ਧਰਮ ਪਰਿਵਰਤਨ
Ad Position 24