16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਿੱਖਾਂ ਵਿਚ ਵਧ ਰਿਹਾ ਧਰਮ ਪਰਿਵਰਤਨ

Ad Position 21
repet_subhas-goyals [Copy P29]
ਅਜੀਤ ਡੈਸਕ 04-05-2026

ਧਰਮ ਪਰਿਵਰਤਨ ਤੇ ਪ੍ਰਵਾਸ ਮਨੁੱਖ ਦੇ ਜੀਵਨ ਵਿਚ ਅਕਸਰ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਜਦੋਂ ਇਹ ਕੁਦਰਤੀ ਸਿਧਾਂਤ ਨਾਲ ਜੁੜੇ ਹੁੰਦੇ ਹਨ ਤਾਂ ਇਨ੍ਹਾਂ 'ਤੇ ਕੋਈ ਵਧੇਰੇ ਚਰਚਾ ਨਹੀਂ ਹੁੰਦੀ ਅਤੇ ਜਦੋਂ ਇਨ੍ਹਾਂ ਦੇ ਪਿੱਛੇ ਸਵਾਰਥ, ਲਾਲਚ, ਜ਼ੋਰ, ਜਬਰ, ਦਬਾਅ ਆਦਿ ਕਾਰਨ ਨਜ਼ਰ ਆਉਂਦੇ ਹਨ ਤਾਂ ਸੂਝਵਾਨ ਇਨ੍ਹਾਂ ਸੰਬੰਧੀ ਚਰਚਾ ਕੀਤੇ ਬਗ਼ੈਰ ਨਹੀਂ ਰਹਿ ਸਕਦੇ। ਸਮੇਂ ਦੀਆਂ ਪ੍ਰਸਥਿਤੀਆਂ ਤੇ ਘਟਨਾਵਾਂ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕਰਕੇ ਉਹ ਸਮਾਜ ਨੂੰ ਸੁਚਾਰੂ ਤੇ ਸਹੀ ਦਿਸ਼ਾ ਵੱਲ ਲਿਜਾਣ ਲਈ ਯਤਨ ਕਰਦੇ ਹਨ। ਪੰਜਾਬ ਵਿਚ ਧਰਮ ਪਰਿਵਰਤਨ ਦਾ ਮੁੱਦਾ ਮਹੱਤਵਪੂਰਨ ਸਮਝਿਆ ਜਾਣ ਲੱਗਾ ਹੈ ਅਤੇ ਸਿੱਖ ਧਰਮ ਦੇ ਵਿਦਵਾਨ ਤੇ ਸੂਝਵਾਨ ਨਿਰੰਤਰ ਇਸ ਦਿਸ਼ਾ ਵਿਚ ਚਿੰਤਨ ਕਰ ਰਹੇ ਹਨ ਕਿ ਅਜਿਹੀਆਂ ਕਿਹੜੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ ਕਿ ਸਿੱਖ ਧਰਮ ਪਰਿਵਰਤਨ ਵੱਲ ਰੁਚਿਤ ਹੋ ਰਹੇ ਹਨ। ਸਿੱਖਾਂ 'ਚ ਧਰਮ ਪਰਿਵਰਤਨ ਦੀਆਂ ਕੁਝ ਸੰਭਾਵਨਾਵਾਂ ਨੂੰ ਇਸ ਤਰ੍ਹਾਂ ਦੇਖਿਆ ਜਾ ਸਕਦਾ ਹੈ:-
ਦੂਜੇ ਧਰਮਾਂ ਦਾ ਵਧਦਾ ਪ੍ਰਭਾਵ ਤੇ ਪ੍ਰਚਾਰ-ਪੰਜਾਬ ਵਿਚ ਸਿੱਖ ਵੱਡੀ ਗਿਣਤੀ 'ਚ ਮੌਜੂਦ ਹਨ, ਜਿਹੜੇ ਸਮਾਜ ਦੇ ਹਰ ਵਰਗ ਨਾਲ ਜੁੜੇ ਹੋਏ ਹਨ। ਕਈ ਦੂਜੇ ਧਰਮ ਦੇ ਲੋਕਾਂ ਵਲੋਂ ਸਿੱਖਾਂ ਨੂੰ ਆਪਣੇ ਧਰਮ 'ਚ ਲਿਆਉਣਾ ਵੱਡੀ ਪ੍ਰਾਪਤੀ ਸਮਝੀ ਜਾ ਰਹੀ ਹੈ ਤੇ ਇਸ ਕਾਰਜ ਲਈ ਹਰ ਤਰ੍ਹਾਂ ਨਾਲ ਜ਼ੋਰ ਲਾਇਆ ਜਾ ਰਿਹਾ ਹੈ। ਵੀਹਵੀਂ ਸਦੀ ਦੌਰਾਨ ਹਿੰਦੂ ਧਰਮ ਦੇ ਪ੍ਰਚਾਰਕਾਂ ਨੇ ਸਿੱਖਾਂ ਨੂੰ ਆਪਣੇ ਘੇਰੇ 'ਚ ਲੈਣ ਦਾ ਯਤਨ ਕੀਤਾ ਤਾਂ ਸਿੰਘ ਸਭਾ ਲਹਿਰ ਦੇ ਰੂਪ ਵਿਚ ਸਿੱਖ ਵਿਦਵਾਨਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸੇ ਲੜੀ ਅਧੀਨ ਸਿੱਖਾਂ 'ਚ ਜਾਤ ਆਧਾਰਿਤ ਰਾਖਵੇਂਕਰਨ ਨੂੰ ਦੇਖਿਆ ਜਾ ਸਕਦਾ ਹੈ। ਭਾਰਤ ਦਾ ਸੰਵਿਧਾਨ ਬਣਿਆ ਤਾਂ ਸਿੱਖ ਆਗੂਆਂ ਨੇ ਸਿੱਖਾਂ 'ਚ ਇਸ ਦ੍ਰਿਸ਼ਟੀ ਤੋਂ ਜਾਤ ਆਧਾਰਿਤ ਵਿਵਸਥਾ ਕਾਇਮ ਰੱਖਣ 'ਤੇ ਜ਼ੋਰ ਦਿੱਤਾ ਸੀ ਕਿ ਕਿਤੇ ਸਿੱਖ ਬਹੁ-ਗਿਣਤੀ ਦੇ ਪ੍ਰਭਾਵ ਤੇ ਨੌਕਰੀਆਂ 'ਚ ਮਿਲੇ ਰਾਖਵੇਂਕਰਨ ਕਾਰਨ ਤਿਲਕ ਨਾ ਜਾਣ। ਮੌਜੂਦਾ ਸਮੇਂ 'ਚ ਸਿੱਖਾਂ 'ਤੇ ਈਸਾਈ ਧਰਮ ਦੇ ਵਧਦੇ ਪ੍ਰਭਾਵ ਤੇ ਪ੍ਰਚਾਰ ਨੂੰ ਦੇਖਿਆ ਜਾ ਰਿਹਾ ਹੈ। ਸਿੱਖ ਪ੍ਰਚਾਰਕ ਸਿੱਖਾਂ 'ਚ ਦੂਜੇ ਧਰਮਾਂ ਦੇ ਵਧਦੇ ਪ੍ਰਚਾਰ ਦਾ ਟਾਕਰਾ ਕਰਨ ਵਿਚ ਸਫ਼ਲ ਨਹੀਂ ਹੋ ਰਹੇ। ਇਸ ਦਾ ਵੱਡਾ ਕਾਰਨ ਸਿੱਖ ਧਾਰਮਿਕ ਸੰਗਠਨਾਂ 'ਚ ਇਕਸੁਰਤਾ ਦੀ ਘਾਟ, ਦੂਸ਼ਣਬਾਜ਼ੀ, ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਬਿਰਤੀ, ਸਿੱਖਾਂ ਦੇ ਦਿਨੋ-ਦਿਨ ਡਿੱਗ ਰਹੇ ਕਿਰਦਾਰ ਆਦਿ ਨੂੰ ਦੇੇਖਿਆ ਜਾ ਰਿਹਾ ਹੈ। ਪੰਜਾਬ 'ਚ ਈਸਾਈ ਧਰਮ ਦੇ ਪ੍ਰਚਾਰਕਾਂ ਨੇ ਇਸ ਦਾ ਫ਼ਾਇਦਾ ਚੁੱਕਿਆ ਹੈ। ਸਿੱਖਾਂ ਦੀ ਸਾਰੀ ਸ਼ਕਤੀ ਆਪਣੇ-ਆਪ ਨੂੰ ਹਿੰਦੂ ਧਰਮ ਤੋਂ ਵੱਖਰਾ ਕਰਨ 'ਚ ਲੱਗੀ ਹੋਈ ਹੈ ਅਤੇ ਪੰਜਾਬ ਵਿਚ ਈਸਾਈ ਧਰਮ ਦੇ ਪ੍ਰਚਾਰ ਦੀਆਂ ਮਜ਼ਬੂਤ ਹੋ ਰਹੀਆਂ ਜੜ੍ਹਾਂ ਨੂੰ ਦੇਖਣ ਤੇ ਸਮਝਣ ਵਿਚ ਉਹ ਨਾਕਾਮ ਸਿੱਧ ਹੋਏ ਹਨ। ਈਸਾਈ ਧਰਮ ਪ੍ਰਚਾਰਕਾਂ ਨੇ ਜਿਸ ਤਰ੍ਹਾਂ ਦੇ ਨਵੇਂ ਤੇ ਲੁਕਵੇਂ ਢੰਗ ਨਾਲ ਸਿੱਖਾਂ ਵਿਚ ਆਪਣਾ ਆਧਾਰ ਮਜ਼ਬੂਤ ਕੀਤਾ ਹੈ, ਉਹ ਵੀ ਧਿਆਨ ਦੀ ਮੰਗ ਕਰਦਾ ਹੈ। ਸਿੱਖਾਂ ਦੇ ਪਹਿਰਾਵੇ ਅਤੇ ਨਾਂਅ ਦੀ ਤਬਦੀਲੀ ਤੋਂ ਬਿਨਾਂ ਹੀ ਈਸਾਈ ਧਰਮ ਵਿਚ ਸ਼ਾਮਿਲ ਹੋਣ ਦੀ ਜਿਹੜੀ ਵਿਧੀ ਅਪਣਾਈ ਗਈ ਹੈ, ਪਹਿਲਾਂ ਕਿਤੇ ਦੇਖਣ ਨੂੰ ਨਹੀਂ ਸੀ ਮਿਲਦੀ।
ਲਾਲਚ ਜਾਂ ਸਵਾਰਥ-ਇਸ ਵਰਗ ਅਧੀਨ ਦੋ ਤਰ੍ਹਾਂ ਦੇ ਸਿੱਖਾਂ ਨੂੰ ਰੱਖਿਆ ਜਾ ਸਕਦਾ ਹੈ। ਪਹਿਲੇ ਤਾਂ ਉਹ ਜਿਹੜੇ ਵਿੱਤੀ ਤੰਗੀ ਦਾ ਸ਼ਿਕਾਰ ਹਨ। ਕਮਾਈ ਘੱਟ ਤੇ ਪਰਿਵਾਰ ਵੱਡੇ ਹਨ, ਘਰ ਦਾ ਖ਼ਰਚ ਚਲਾਉਣਾ ਔਖਾ ਹੈ। ਜਦੋਂ ਕੋਈ ਉਨ੍ਹਾਂ ਦੀ ਵਿੱਤੀ ਸਹਾਇਤਾ ਕਰਦਾ ਹੈ ਜਾਂ ਉਨ੍ਹਾਂ ਨੂੰ ਮੁਫ਼ਤ ਸਿਹਤ ਤੇ ਸਿੱਖਿਆ ਦੀ ਸਹੂਲਤ ਪ੍ਰਦਾਨ ਕਰਦਾ ਹੈ ਤਾਂ ਉਹ ਸਹਾਇਤਾ ਦੇਣ ਵਾਲਿਆਂ ਵੱਲ ਝੁਕਾਅ ਰੱਖਣ ਲੱਗ ਪੈਂਦੇ ਹਨ। ਪੀਲੀਭੀਤ ਦਾ ਘਟਨਾਕ੍ਰਮ ਸਾਹਮਣੇ ਆਇਆ ਤਾਂ ਸਿੱਖਾਂ 'ਚ ਈਸਾਈ ਧਰਮ ਵਿਚ ਸ਼ਾਮਿਲ ਹੋਣ ਦੀਆਂ ਵਧਦੀਆਂ ਘਟਨਾਵਾਂ ਨੂੰ ਬਾਰੀਕੀ ਨਾਲ ਦੇਖਣ ਦਾ ਯਤਨ ਆਰੰਭ ਹੋਇਆ। ਅਜਿਹੀਆਂ ਘਟਨਾਵਾਂ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਵੀ ਆਪਣੀਆਂ ਟੀਮਾਂ ਉੱਥੇ ਭੇਜ ਕੇ ਤੱਥਾਂ ਦੀ ਪੜਤਾਲ ਕਰਾਉਣ ਦਾ ਯਤਨ ਕੀਤਾ। ਉੱਥੇ ਧਰਮ ਪਰਿਵਰਤਨ ਦੇ ਜਿਹੜੇ ਮਾਮਲੇ ਸਾਹਮਣੇ ਆਏ ਉਨ੍ਹਾਂ ਦੇ ਆਧਾਰ 'ਤੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਨਿਪਾਲ ਤੋਂ ਆਏ ਕੁਝ ਪਾਦਰੀ ਤੇ ਸਥਾਨਕ ਪਾਸਟਰ 'ਚੰਗਾਈ ਸਭਾਵਾਂ' ਕਰਦੇ ਹਨ, ਜਿਸ ਦੌਰਾਨ ਉਹ ਸਿੱਖ ਪਰਿਵਾਰਾਂ ਨੂੰ ਪੈਸੇ ਦੇਣ ਤੇ ਮਕਾਨ ਬਣਾਉਣ ਦਾ ਲਾਲਚ ਦੇ ਕੇ ਈਸਾਈ ਬਣਾਉਣ ਦਾ ਕੰਮ ਕਰਦੇ ਹਨ। ਜਿਹੜੇ ਲੋਕ ਧਰਮ ਪਰਿਵਰਤਨ ਲਈ ਤਿਆਰ ਨਹੀਂ ਹੁੰਦੇ, ਉਨ੍ਹਾਂ ਦੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤੇ ਉਨ੍ਹਾਂ 'ਤੇ ਹਮਲੇ ਕੀਤੇ ਜਾਂਦੇ ਹਨ। ਦੂਜੇ ਵਰਗ ਵਿਚ ਉਨ੍ਹਾਂ ਸਿੱਖਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਹੜੇ ਸਮਾਜਿਕ ਤੇ ਆਰਥਿਕ ਤੌਰ 'ਤੇ ਸਮਰੱਥ ਹਨ ਤੇ ਹੋਰ ਅੱਗੇ ਵਧਣਾ ਚਾਹੁੰਦੇ ਹਨ। ਉਹ ਸਿੱਖ ਸਿਧਾਂਤ ਛੱਡ ਕੇ ਆਪਣੇ ਸਵਾਰਥਾਂ ਦੀ ਪੂਰਤੀ ਲਈ ਆਪਣੇ ਬੱਚਿਆਂ ਨੂੰ ਦੂਜੇ ਧਰਮਾਂ ਦੇ ਤਿਉਹਾਰ ਮਨਾਉਣ ਲਈ ਲੋੜ ਤੋਂ ਵਧੇਰੇ ਰੁਚਿਤ ਹੋਣ, ਉਨ੍ਹਾਂ ਨਾਲ ਦੋਸਤੀ ਕਰਨ, ਉਨ੍ਹਾਂ ਨਾਲ ਵਿਆਹ ਕਰਾਉਣ ਆਦਿ ਨੂੰ ਤਰਜੀਹ ਦੇਣ ਲੱਗੇ ਹਨ। ਅਜਿਹੇ ਵਰਗ 'ਚ ਇਕੋ ਭਾਵਨਾ ਵਧੇਰੇ ਕੰਮ ਕਰ ਰਹੀ ਹੁੰਦੀ ਹੈ ਕਿ ਉਹ ਵਧੇਰੇ ਧਰਮ-ਨਿਰਪੱਖ ਤੇ ਅਗਾਂਹਵਧੂ ਦਿਖਾਈ ਦੇਣ, ਉਹ ਆਪਣੇ ਆਪ ਨੂੰ ਧਰਮ ਦੇ ਸਿਧਾਂਤਾਂ ਅਤੇ ਰਹੁ-ਰੀਤਾਂ ਦੀ ਪਾਲਣਾ ਕਰਨ ਵਾਲਿਆਂ ਦੀ ਬਜਾਏ ਕੇਵਲ ਚੰਗੇ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਦਰਸਾਉਂਦੇ ਹਨ ਪਰ ਜੇ ਉਨ੍ਹਾਂ ਨੂੰ ਨੇੜਿਓਂ ਦੇਖਿਆ ਜਾਵੇ ਤਾਂ ਕਈ ਹੋਰ ਕਾਰਨ ਨਜ਼ਰ ਆਉਂਦੇ ਹਨ। ਸਿੱਖਾਂ 'ਚ ਵਧਦੀ ਜਾ ਰਹੀ ਅਜਿਹੀ ਭਾਵਨਾ ਉਨ੍ਹਾਂ ਨੂੰ ਗੁਰਮਤਿ ਦੇ ਸਿਧਾਂਤਾਂ ਤੇ ਪਰੰਪਰਾਵਾਂ ਤੋਂ ਦੂਰ ਲਿਜਾਣ ਦਾ ਕੰਮ ਕਰ ਰਹੀ ਹੈ।
ਪ੍ਰਵਾਸ-ਪ੍ਰਵਾਸ ਕਰਕੇ ਸਿੱਖ ਸੰਸਾਰ ਦੇ ਬਹੁਤ ਸਾਰੇ ਮੁਲਕਾਂ 'ਚ ਜਾ ਕੇ ਵਸ ਗਏ ਹਨ। ਪਿਛਲੀ ਸਦੀ ਦੇ ਪਹਿਲੇ ਅੱਧ ਦੌਰਾਨ ਜਿਹੜੇ ਸਿੱਖ ਵਿਦੇਸ਼ਾਂ 'ਚ ਗਏ, ਉਨ੍ਹਾਂ ਨੇ ਧਨ ਕਮਾ ਕੇ ਆਪਣੇ ਮੁਲਕ ਭੇਜਿਆ, ਜਿਸ ਨਾਲ ਉਨ੍ਹਾਂ ਦੇ ਪੰਜਾਬ 'ਚ ਰਹਿੰਦੇ ਪਰਿਵਾਰਾਂ ਦਾ ਜੀਵਨ ਖੁਸ਼ਹਾਲ ਹੋ ਜਾਂਦਾ ਸੀ। ਪਿਛਲੀ ਸਦੀ ਦੇ ਦੂਜੇ ਅੱਧ ਦੌਰਾਨ ਜਿਹੜੇ ਸਿੱਖ ਪ੍ਰਵਾਸ ਕਰਕੇ ਬਾਹਰ ਜਾਣ ਲੱਗੇ, ਉਨ੍ਹਾਂ ਦਾ ਵਧੇਰੇ ਧਿਆਨ ਉੱਥੋਂ ਦੀ ਪੱਕੀ ਰਹਾਇਸ਼ ਲੈ ਕੇ ਉੱਥੇ ਵਸਣ ਵੱਲ ਹੀ ਹੋਣ ਲੱਗਾ। ਉਨ੍ਹਾਂ ਮੁਲਕਾਂ ਦੇ ਲੋਕਾਂ ਨਾਲ ਸਾਂਝ ਵਧਣ ਕਰਕੇ ਗੁਰਮਤਿ ਦੀਆਂ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦਿੱਤੀ ਜਾਣ ਲੱਗੀ। ਭਾਰਤ ਵਿਚ ਵੀ ਦੂਜੇ ਸੂਬਿਆਂ 'ਚ ਪ੍ਰਵਾਸ ਕਰ ਗਏ ਨੌਜਵਾਨਾਂ 'ਚ ਧਰਮ ਪਰਿਵਰਤਨ ਦੀ ਰੁਚੀ ਵਧੇਰੇ ਨਜ਼ਰ ਆਉਣ ਲੱਗੀ ਹੈ। ਪੰਜਾਬ ਵਿਚ ਰੁਜ਼ਗਾਰ ਦੇ ਘਟਦੇ ਮੌਕਿਆਂ ਨੇ ਜਿੱਥੇ ਸਿੱਖਾਂ ਨੂੰ ਬਾਹਰਲੇ ਮੁਲਕਾਂ ਵੱਲ ਜਾਣ ਲਈ ਮਜਬੂਰ ਕੀਤਾ, ਉੱਥੇ ਜਿਹੜੇ ਨੌਜਵਾਨ ਭਾਰਤ ਵਿਚ ਰੁਜ਼ਗਾਰ ਪ੍ਰਾਪਤੀ ਲਈ ਦੂਜੇ ਸੂਬਿਆਂ 'ਚ ਚਲੇ ਗਏ, ਉਨ੍ਹਾਂ 'ਚ ਧਰਮ ਦਾ ਕੋਈ ਵਧੇਰੇ ਮਹੱਤਵ ਨਹੀਂ ਰਿਹਾ। ਇਹ ਰੁਝਾਨ ਆਈ.ਟੀ. ਸੈਕਟਰ 'ਚ ਕੰਮ ਕਰਨ ਵਾਲੇ ਬੱਚਿਆਂ ਵਿਚ ਵਧੇਰੇ ਦੇਖਣ ਨੂੰ ਮਿਲ ਰਿਹਾ ਹੈ। ਬਹੁਤੇ ਨੌਜਵਾਨ ਧਰਮ ਦੀ ਬਜਾਏ ਖੁਸ਼ਹਾਲ ਜੀਵਨ ਤੇ ਆਰਥਿਕ ਵਿਕਾਸ ਨੂੰ ਤਰਜੀਹ ਦੇਣ ਲੱਗੇ ਹਨ, ਜਿਸ ਕਰਕੇ ਵਿਆਹਾਂ ਦਾ ਆਧਾਰ ਪੈਕੇਜ ਹੋ ਗਿਆ ਹੈ। ਬਹੁਤ ਸਾਰੇ ਸਿੱਖ ਬੱਚੇ ਇਸ ਵਹਿਣ 'ਚ ਨਿਰੰਤਰ ਵਹਿੰਦੇ ਜਾ ਰਹੇ ਹਨ ਤੇ ਉਨ੍ਹਾਂ ਨੂੰ ਰੋਕਣ ਲਈ ਕੋਈ ਵੀ ਯਤਨ ਹਾਲੇ ਤੱਕ ਆਰੰਭ ਨਹੀਂ ਹੋ ਸਕਿਆ।
ਦਬਾਅ-ਪਿਛਲੇ ਸਮੇਂ ਦੌਰਾਨ ਧਰਮ ਪਰਿਵਰਤਨ ਦਾ ਆਧਾਰ ਜ਼ੋਰ-ਜ਼ਬਰਦਸਤੀ ਸੀ। ਕੱਟੜਪੰਥੀਆਂ ਦੇ ਦਬਾਅ ਅਧੀਨ ਬਾਦਸ਼ਾਹਾਂ ਵਲੋਂ ਧਰਮ ਪਰਿਵਰਤਨ ਦੇ ਹੁਕਮ ਦਿੱਤੇ ਜਾਂਦੇ ਸਨ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਇਸੇ ਸੰਦਰਭ 'ਚ ਰੱਖ ਕੇ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੇ ਜਬਰੀ ਧਰਮ ਪਰਿਵਰਤਨ ਦਾ ਵਿਰੋਧ ਕੀਤਾ ਸੀ। ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਵਿਚ ਦੂਜੇ ਧਰਮਾਂ ਦੇ ਲੋਕ ਹਾਲੇ ਵੀ ਜਾਣ ਤੋਂ ਗੁਰੇਜ਼ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਮੁਲਕਾਂ ਦਾ ਧਾਰਮਿਕ ਦਬਾਅ ਸਹਿਣ ਕੀਤੇ ਬਗ਼ੈਰ ਕੰਮ ਕਰਨਾ ਮੁਸ਼ਕਿਲ ਹੈ। ਭਾਵੇਂ ਕਿ ਕੁਝ ਮੁਸਲਿਮ ਦੇਸ਼ਾਂ 'ਚ ਸਿੱਖ ਕੰਮ ਕਰ ਰਹੇ ਹਨ, ਪਰ ਉਨ੍ਹਾਂ ਨੂੰ ਆਪਣੇ ਧਾਰਮਿਕ ਸਿਧਾਂਤਾਂ ਤੇ ਰਸਮਾਂ ਦੀ ਪਾਲਣਾ 'ਚ ਮੁਸ਼ਕਿਲ ਆ ਰਹੀ ਹੈ। ਆਰਥਿਕ ਦਬਾਅ ਅਧੀਨ ਜਿਹੜੇ ਉਨ੍ਹਾਂ ਮੁਲਕਾਂ 'ਚ ਕੰਮ ਕਰ ਰਹੇ ਹਨ, ਉਹ ਧਾਰਮਿਕ ਤੌਰ 'ਤੇ ਕਮਜ਼ੋਰ ਹੁੰਦੇ ਜਾ ਰਹੇ ਹਨ।
ਲੋਕਤੰਤਰ ਤੇ ਧਰਮ-ਨਿਰਪੱਖ ਅਖਵਾਉਣ ਵਾਲੇ ਬਹੁਤ ਸਾਰੇ ਮੁਲਕਾਂ 'ਚ ਵੀ ਦਬਾਅ ਅਧੀਨ ਧਰਮ ਪਰਿਵਰਤਨ ਦੀ ਨੀਤੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਮੁਲਕਾਂ 'ਚ ਇਸ ਦਿਸ਼ਾ ਅਧੀਨ ਅੱਗੇ ਵਧਣ ਲਈ ਢੰਗ-ਤਰੀਕੇ ਬਦਲ ਗਏ ਹਨ ਅਤੇ ਹੁਣ ਤਲਵਾਰ ਦੇ ਜ਼ੋਰ 'ਤੇ ਧਰਮ ਪਰਿਵਰਤਨ ਕਰਾਉਣ ਦੀ ਬਜਾਏ ਸਮਾਜਿਕ ਤੇ ਰਾਜਸੀ ਦਬਾਅ ਬਣਾਇਆ ਜਾਂਦਾ ਹੈ। ਬਹੁ-ਗਿਣਤੀਆਂ ਦਾ ਦਬਾਅ ਹਮੇਸ਼ਾ ਹੀ ਘੱਟ-ਗਿਣਤੀਆਂ ਦੇ ਸਿਧਾਂਤਾਂ, ਮਰਿਆਦਾ ਤੇ ਪਰੰਪਰਾ ਨੂੰ ਖੋਰਾ ਲਾਉਣ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸੇ ਕਰਕੇ ਭਾਰਤ ਵਿਚ ਬਹੁ-ਗਿਣਤੀਆਂ ਦੇ ਪ੍ਰਭਾਵ ਅਧੀਨ ਸਿੱਖ ਨਿਰੰਤਰ ਤਿਲਕਦੇ ਜਾ ਰਹੇ ਹਨ।

-ਸਿੱਖ ਵਿਸ਼ਵਕੋਸ਼ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ad Position 22
No active advertisement
ਪਿਛਲੀ ਖ਼ਬਰ ਰੂਹਾਨੀਅਤ ਦਾ ਅਹਿਸਾਸ ਕਰਾਉਂਦਾ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਅਗਲੀ ਖ਼ਬਰ ਦੇਸ਼ ਦੀਆਂ ਸੜਕਾਂ ਮੌਤ ਦਾ ਜਾਲ ਬਣੀਆਂ
Ad Position 24