ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਮੋਗਾ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਚੋਰਾਂ ਨੇ ਮਹਿਮੇ ਵਾਲਾ ਰੋਡ 'ਤੇ ਸਥਿਤ ਇਕ ਪੋਲਟਰੀ ਫਾਰਮ ਦੇ ਅੰਦਰ ਸਥਿਤ ਕਰਮਚਾਰੀਆਂ ਦੇ ਰਿਹਾਇਸ਼ੀ ਕੁਆਰਟਰਾਂ ਵਿਚ ਦਾਖ਼ਲ ਹੋ ਕੇ ਮੋਬਾਈਲ ਫ਼ੋਨ, 25 ਹਜ਼ਾਰ ਰੁਪਏ ਦੀ ਨਗਦੀ ਅਤੇ ਵੱਖ-ਵੱਖ ਦਸਤਾਵੇਜ਼ ਚੋਰੀ ਕਰ ਲਏ | ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ | ਇਸ ਮਾਮਲੇ ਸਬੰਧੀ ਮਹਿਮੇ ਵਾਲਾ ਪੁਲਿਸ ਸਟੇਸ਼ਨ ਦੇ ਐਸ.ਐਚ.ਓ. ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਵਿਚ ਆਦਰਸ਼ ਮਿੱਤਰ ਸੂਦ ਅਤੇ ਵਿਸ਼ਵਕਰਮਾ ਨਗਰ ਕੋਟਕਪੂਰਾ ਬਾਈਪਾਸ ਮੋਗਾ ਦੇ ਵਸਨੀਕ ਹਿਤੇਸ਼ ਸੂਦ ਨੇ ਦੱਸਿਆ ਕਿ ਉਸ ਦਾ ਮਹਿਮੇ ਵਾਲਾ ਰੋਡ 'ਤੇ ਸਥਿਤ ਇਕ ਪੋਲਟਰੀ ਫਾਰਮ ਹੈ | ਉਸ ਦੇ ਕਰਮਚਾਰੀ ਆਪਣੇ ਪਰਿਵਾਰਾਂ ਸਮੇਤ ਪੋਲਟਰੀ ਫਾਰਮ ਦੇ ਅਹਾਤੇ ਵਿਚ ਰਹਿੰਦੇ ਹਨ | ਪੂਰੇ ਫਾਰਮ ਵਿਚ ਸੀ.ਸੀ.ਟੀ.ਵੀ. ਕੈਮਰੇ ਵੀ ਲੱਗੇ ਹੋਏ ਹਨ | ਬੀਤੇ ਦਿਨੀਂ ਅਣਪਛਾਤੇ ਚੋਰ ਅਹਾਤੇ ਵਿਚ ਦਾਖ਼ਲ ਹੋਏ, ਉਹ ਕਮਰਿਆਂ ਵਿਚ ਵੜ ਗਏ ਅਤੇ ਮੋਬਾਈਲ ਫ਼ੋਨ, 25 ਹਜ਼ਾਰ ਰੁਪਏ ਨਗਦ, ਬੱਚਿਆਂ ਦੇ ਸਕੂਲ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ, ਬਟੂਏ ਅਤੇ ਬੱਚਿਆਂ ਦੇ ਸਕੂਲ ਬੈਗ ਚੋਰੀ ਕਰ ਲਏ | ਚੋਰੀ ਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਰਿਕਾਰਡ ਹੋ ਗਈ | ਸ਼ਿਕਾਇਤਕਰਤਾ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ਦੀ ਜਲਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਫੜਿਆ ਜਾਵੇ |