ਮੋਗਾ, 3 ਮਈ (ਗੁਰਤੇਜ ਸਿੰਘ ਬੱਬੀ)-ਬੀਤੀ ਰਾਤ ਕਰੀਬ 10 ਵਜੇ ਮੋਗਾ-ਕੋਟਕਪੂਰਾ ਰੋਡ ਨੇੜੇ ਰਾਧਾ ਸਵਾਮੀ ਡੇਰਾ ਕੋਲ ਵਾਪਰੇ ਇਕ ਭਿਆਨਕ ਹਾਦਸੇ ਵਿਚ ਅੱਗ ਦੀਆਂ ਲਪਟਾਂ ਵਿਚ ਸੜ ਕੇ ਇਕ 35 ਕੁ ਸਾਲਾਂ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੋਗਾ ਤੋਂ ਬਾਘਾ ਪੁਰਾਣਾ ਵੱਲ ਨੂੰ ਜਾ ਰਿਹਾ ਸੀ ਤਾਂ ਜਦ ਉਹ ਮੁੱਖ ਮਾਰਗ ਡੇਰਾ ਰਾਧਾ ਸਵਾਮੀ ਕੋਲ ਪੁੱਜਾ ਤਾਂ ਉਸ ਦਾ ਮੋਟਰਸਾਈਕਲ ਅੱਗਿਓਾ ਆ ਰਹੇ ਟਿੱਪਰ ਨਾਲ ਜਾ ਟਕਰਾਇਆ ਤੇ ਉਹ ਮੋਟਰਸਾਈਕਲ ਸਮੇਤ ਟਿੱਪਰ ਦੇ ਹੇਠਾਂ ਧਸ ਗਿਆ ਤੇ ਅਚਾਨਕ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਨੂੰ ਲੱਗੀ ਅੱਗ ਨੇ ਟਿੱਪਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਤੇ ਉਕਤ ਨੌਜਵਾਨ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲਿਆ ਤੇ ਉਹ ਅੰਦਰ ਹੀ ਅੱਗ ਦੀਆਂ ਲਪਟਾਂ ਵਿਚ ਝੁਲਸ ਕੇ ਮਰ ਗਿਆ | ਸੂਚਨਾ ਮਿਲਣ 'ਤੇ ਸਮਾਜ ਸੇਵਾ ਸੁਸਾਇਟੀ ਦੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਆਪਣੀ ਟੀਮ ਨਾਲ ਐਂਬੂਲੈਂਸ 'ਤੇ ਆਏ ਤੇ ਨਾਲ ਹੀ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਬੜੀ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਸਮਾਜ ਸੇਵਾ ਸੁਸਾਇਟੀ ਵਲੋਂ ਸੜ ਚੁੱਕੇ ਵਿਅਕਤੀ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਕੇ ਮੋਰਚਰੀ ਹਾਊਸ ਵਿਚ ਰਖਵਾ ਦਿੱਤਾ | ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸ ਦਾ ਮੋਟਰਸਾਈਕਲ ਤੇ ਉਹ ਆਪ ਬੁਰੀ ਤਰ੍ਹਾਂ ਸੜ ਗਏ | ਇਸ ਲਈ ਉਸ ਦੀ ਪਹਿਚਾਣ ਲਈ ਕੋਈ ਵੀ ਸਬੂਤ ਮੌਕੇ ਤੋਂ ਨਹੀਂ ਪ੍ਰਾਪਤ ਹੋ ਸਕਿਆ | ਇਸ ਲਈ ਸਾਰੇ ਪੁਲਿਸ ਕੰਟਰੋਲ ਰੂਮਾਂ ਵਿਚ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਤੇ ਜਲਦੀ ਹੀ ਉਸ ਦੀ ਸ਼ਨਾਖ਼ਤ ਕਰ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਟਿੱਪਰ ਚਾਲਕ ਦਾ ਕੋਈ ਨਾ ਕੋਈ ਨਸ਼ੇ ਦਾ ਸੇਵਨ ਕੀਤਾ ਹੋਵੇਗਾ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤੇ ਇਕ ਵਿਅਕਤੀ ਦੀ ਜਾਨ ਚਲੀ ਗਈ | ਖ਼ਬਰ ਲਿਖੇ ਜਾਣ ਤੱਕ ਅੱਗ ਵਿਚ ਸੜ ਕੇ ਮਰਨ ਵਾਲੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ ਸੀ | ਇਹ ਮੰਜਰ ਇੰਨਾ ਭਿਆਨਕ ਸੀ ਕਿ ਜਿਸ ਨੇ ਵੀ ਇਸ ਮੰਜਰ ਨੂੰ ਵੇਖਿਆ ਉਹ ਇਹ ਖ਼ਤਰਨਾਕ ਮੰਜਰ ਕਦੇ ਵੀ ਭੁੱਲ ਨਹੀਂ ਸਕੇਗਾ |