ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਆਜ਼ਾਦ ਕਿਸਾਨ ਮੋਰਚਾ ਪੰਜਾਬ ਦੀ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨਾਲ ਅੱਜ 4 ਮਈ ਨੂੰ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਹੋਵੇਗੀ | ਇਸ ਮੀਟਿੰਗ ਵਿਚ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਜੁੜੇ ਗੰਭੀਰ ਮਸਲਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਜਾਣਕਾਰੀ ਦਿੰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਏ.ਕੇ.ਐਮ. ਪੰਜਾਬ ਵਲੋਂ ਗਵਰਨਰ ਨੂੰ ਕਿਸਾਨਾਂ ਦੀਆਂ ਮੁੱਖ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਲੰਮੇ ਸਮੇਂ ਤੋਂ ਫ਼ਸਲਾਂ ਦੇ ਭਾਅ, ਕਰਜ਼ੇ, ਬਿਜਲੀ, ਪਾਣੀ ਅਤੇ ਹੋਰ ਖੇਤੀਬਾੜੀ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ, ਪਰ ਸਰਕਾਰ ਵਲੋਂ ਕੋਈ ਢੁਕਵਾਂ ਹੱਲ ਨਹੀਂ ਕੀਤਾ ਗਿਆ | ਸੁੱਖ ਗਿੱਲ ਮੋਗਾ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਗਵਰਨਰ ਹਾਊਸ ਦੇ ਬਾਹਰ ਮੀਟਿੰਗ ਦੇ ਨਤੀਜਿਆਂ ਅਤੇ ਅਗਲੇ ਸੰਘਰਸ਼ਕਾਰੀ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਏ.ਕੇ.ਐਮ. ਪੰਜਾਬ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਦਾ ਰਹੇਗਾ ਅਤੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਹਰ ਮੰਚ 'ਤੇ ਡਟ ਕੇ ਖੜ੍ਹੇਗਾ |