ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਅੱਜ ਪੂਰੇ ਦੇਸ਼ 'ਚ ਨੀਟ ਦਾ ਵੱਡਾ ਇਮਤਿਹਾਨ ਹੋ ਰਿਹਾ ਹੈ, ਜਿੱਥੇ ਕਰੀਬ 23 ਲੱਖ ਬੱਚੇ ਆਪਣੀ ਕਿਸਮਤ ਅਜ਼ਮਾ ਰਹੇ ਹਨ ਉੱਥੇ ਹੀ ਮੋਗਾ ਦੀ ਗੱਲ ਕਰੀਏ ਤਾਂ ਇੱਥੇ ਵੀ ਮਾਹੌਲ ਕਾਫ਼ੀ ਜੋਸ਼ ਭਰਿਆ ਵੇਖਣ ਨੂੰ ਮਿਲਿਆ | ਮੋਗਾ 'ਚ ਨੀਟ ਦੇ ਇਮਤਿਹਾਨ ਲਈ 2 ਸੈਂਟਰ ਬਣਾਏ ਗਏ ਹਨ, ਜਿੱਥੇ ਲਗ-ਪਗ 1100 ਤੋਂ ਵੱਧ ਵਿਦਿਆਰਥੀ ਪੇਪਰ ਦੇ ਰਹੇ ਹਨ | ਸਭ ਤੋਂ ਵੱਡੀ ਗੱਲ ਇਹ ਰਹੀ ਕਿ ਇਸ ਵਾਰ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਕਾਫ਼ੀ ਵੱਧ ਨਜ਼ਰ ਆਈ | ਬੱਚਿਆਂ 'ਚ ਇਮਤਿਹਾਨ ਨੂੰ ਲੈ ਕੇ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ | ਕਈ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰ ਕੇ ਇਸ ਪੇਪਰ ਦੀ ਤਿਆਰੀ ਕੀਤੀ ਹੈ ਤੇ ਹੁਣ ਉਨ੍ਹਾਂ ਦਾ ਇਕੋ ਸੁਪਨਾ ਹੈ ਕਿ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ | ਸੈਂਟਰਾਂ 'ਚ ਵੀ ਪੂਰੇ ਪੱਕੇ ਇੰਤਜ਼ਾਮ ਕੀਤੇ ਗਏ ਸਨ | ਵਿਦਿਆਰਥੀਆਂ ਲਈ ਪਾਣੀ, ਰਿਫਰੈਸ਼ਮੈਂਟ ਤੇ ਮੈਡੀਕਲ ਸਹੂਲਤਾਂ ਦਾ ਖ਼ਾਸ ਧਿਆਨ ਰੱਖਿਆ ਗਿਆ | ਉੱਥੇ ਹੀ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੀ ਕੜੇ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਮਤਿਹਾਨ ਸ਼ਾਂਤੀਪੂਰਵਕ ਹੋ ਸਕੇ | ਸਕੂਲ ਪਿ੍ੰਸੀਪਲ ਮਨਜੀਤ ਕੌਰ ਨੇ ਦੱਸਿਆ ਕਿ ਮੋਗਾ ਵਿਚ ਦੋ ਸੈਂਟਰ ਬਣਾਏ ਗਏ ਹਨ ਤੇ ਇਕ ਹਜ਼ਾਰ ਤੋਂ ਵੱਧ ਬੱਚੇ ਪੇਪਰ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਬੱਚਿਆਂ 'ਚ ਕਾਫ਼ੀ ਉਤਸ਼ਾਹ ਹੈ ਤੇ ਸੈਂਟਰਾਂ 'ਚ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਕਰਵਾਈ ਗਈ ਹੈ ਉੱਥੇ ਹੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਮਾਮਲੇ 'ਚ ਕੋਈ ਕਮੀ ਨਹੀਂ ਛੱਡੀ ਗਈ ਤੇ ਹਰ ਪੱਖੋਂ ਪੂਰਾ ਧਿਆਨ ਰੱਖਿਆ ਗਿਆ ਹੈ ਤਾਂ ਜੋ ਬੱਚੇ ਪੂਰੀ ਇਕਾਗਰਤਾ ਨਾਲ ਆਪਣਾ ਨੀਟ ਦਾ ਇਮਤਿਹਾਨ ਦੇ ਸਕਣ |