ਮੋਗਾ, 4 ਮਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਲੁਧਿਆਣਾ ਰੋਡ 'ਤੇ ਸਥਿਤ ਸਕਾਈਰਿੰਗ ਰਿਜ਼ੋਰਟਸ ਦੇ ਨਜ਼ਦੀਕ ਓਲਿਵ ਪਲਾਜ਼ਾ ਵਿਖੇ ਕੇ.ਐਫ.ਸੀ. ਆਊਟਲਿਟ ਦਾ ਉਦਘਾਟਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਤਖ਼ਤੂਪੁਰਾ ਨੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਸਪੁੱਤਰ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਤੇ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਗੋਲਡਨ ਟਰੈਵਲ ਐਡਵਾਈਜ਼ਰ ਦੇ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਸੰਦੀਪ ਕੁਮਾਰ ਸੰਨੀ ਢੰਡ, ਜਗਦੀਪ ਸਿੰਘ ਬਰਾੜ ਇੰਚਾਰਜ ਸੋਸ਼ਲ ਮੀਡੀਆ ਮਾਲਵਾ ਜ਼ੋਨ, ਪਰਮਿੰਦਰ ਸਿੰਘ ਡਿੰਪਲ ਸੀਨੀਅਰ ਕਾਂਗਰਸੀ ਆਗੂ, ਡਾਇਰੈਕਟਰ ਅਮਿਤ ਪਲਤਾ, ਹਨੀ ਸੋਢੀ, ਅਸ਼ੋਕ ਬਾਂਸਲ ਆੜ੍ਹਤੀ, ਜਸਪਾਲ ਸਿੰਘ ਬੱਬੀ, ਅਮਰਿੰਦਰ ਸਿੰਘ ਸੈਂਡੀ, ਭੋਲਾ ਸਿੰਘ ਬਰਾੜ ਸਮਾਧ ਭਾਈ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ | ਇਸ ਮੌਕੇ ਕੇ.ਐਫ.ਸੀ. ਆਊਟਲਿਟ ਦੇ ਡਾਇਰੈਕਟਰ ਪਰਮਪਾਲ ਸਿੰਘ ਤਖ਼ਤੂਪੁਰਾ ਨੇ ਕਿਹਾ ਕਿ ਓਲਿਵ ਪਲਾਜ਼ਾ ਵਿਖੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਅੰਤਰ-ਰਾਸ਼ਟਰੀ ਬਰਾਂਡ ਆ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਕੇ.ਐਫ.ਸੀ. ਦੇ ਖੁੱਲ੍ਹਣ ਨਾਲ 40 ਦੇ ਕਰੀਬ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਜਦੋਂ ਓਲਿਵ ਪਲਾਜ਼ਾ ਪੂਰੀ ਤਰ੍ਹਾਂ ਕੰਪਲੀਟ ਹੋ ਜਾਵੇਗਾ ਤਾਂ ਇਸ ਕੰਪਲੈਕਸ ਵਿਚ 500 ਦੇ ਕਰੀਬ ਹੁਨਰਮੰਦ ਨੌਜਵਾਨਾਂ ਨੂੰ ਇਸ ਦਾ ਲਾਭ ਹੋਵੇਗਾ | ਉਨ੍ਹਾਂ ਕਿਹਾ ਕਿ ਹੁਣ ਨੌਜਵਾਨਾਂ ਨੂੰ ਵਿਦੇਸ਼ ਭੱਜਣ ਦੀ ਲੋੜ ਨਹੀਂ ਤੇ ਉਨ੍ਹਾਂ ਦੇ ਆਪਣੇ ਸ਼ਹਿਰ ਵਿਚ ਹੀ ਰੁਜ਼ਗਾਰ ਦੇ ਸਾਧਨ ਉਪਲਬਧ ਹਨ | ਉਨ੍ਹਾਂ ਇਹ ਵੀ ਕਿਹਾ ਕਿ ਪਲਾਜ਼ਾ ਖੁੱਲ੍ਹਣ ਦੇ ਨਾਲ ਮੋਗਾ ਲੁਧਿਆਣਾ ਜੀ.ਟੀ. ਰੋਡ 'ਤੇ ਪ੍ਰਾਪਰਟੀ ਦੇ ਰੇਟ ਵਧਣ ਕਾਰਨ ਲੋਕ ਖ਼ੁਸ਼ਹਾਲ ਹੋਣ ਲੱਗੇ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਾਬਲੀਅਤ ਤੇ ਮਿਹਨਤ ਦੇ ਸਿਰ 'ਤੇ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਕਿਉਂਕਿ ਹੁਣ ਉਨ੍ਹਾਂ ਦੇ ਆਪਣੇ ਰਾਜ ਵਿਚ ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਮਿਲਣਗੇ |